ਮੈਂ ਟ੍ਰਾਇਲਸ ਵਿਚ ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ : ਮੈਰੀਕਾਮ
Saturday, Oct 19, 2019 - 06:01 PM (IST)
ਨਵੀਂ ਦਿੱਲੀ : 6 ਵਾਰ ਦੀ ਮਹਿਲਾ ਵਰਲਡ ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਕਿਹਾ ਕਿ ਉਹ ਓਲੰਪਿਕ ਕੁਆਲੀਫਾਇਰ ਲਈ ਟ੍ਰਾਇਲਸ ਵਿਚ ਨਿਕਹਤ ਜਰੀਨ ਨਾਲ ਭਿੜਨ ਤੋਂ ਨਹੀਂ ਡਰਦੀ ਕਿਉਂਕਿ ਇਹ ਸਿਰਫ ਇਕ 'ਰਸਮੀ' ਭਰ ਹੋਵੇਗੀ। ਜਰੀਨ ਨੇ ਚੀਨ ਵਿਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੈਰੀਕਾਮ (51 ਕਿ. ਗ੍ਰਾ) ਖਿਲਾਫ ਟ੍ਰਾਇਲ ਵਿਚ ਮੁਕਾਬਲਾ ਆਯੋਜਿਤ ਕਰਨ ਦੀ ਮੰਗ ਕੀਤੀ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਕਿਹਾ ਸੀ ਕਿ ਮੈਰੀਕਾਮ (51 ਕਿ.ਗ੍ਰਾ) ਦੇ ਹਾਲ ਹੀ 'ਚ ਰੂਸ ਵਿਚ ਵਰਲਡ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਦੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਉਹ 6 ਵਾਰ ਦੀ ਵਰਲਡ ਚੈਂਪੀਅਨ ਨੂੰ ਚੁਣਨ ਦਾ ਇਰਾਦਾ ਰੱਖਦਾ ਹੈ। ਮੈਰੀਕਾਮ ਨੇ ਇਕ ਸਨਮਾਨ ਸਮਾਰੋਹ ਦੌਰਾਨ ਕਿਹਾ, ''ਇਹ ਫੈਸਲਾ ਬੀ. ਐੱਫ. ਆਈ. ਵੱਲੋਂ ਲਿਆ ਜਾ ਚੁੱਕਾ ਹੈ। ਮੈਂ ਨਿਯਮ ਨਹੀਂ ਬਦਲ ਸਕਦੀ। ਮੈਂ ਸਿਰਫ ਪ੍ਰਦਰਸ਼ਨ ਕਰ ਸਕਦੀ ਹਾਂ। ਉਹ ਜੋ ਵੀ ਫੈਸਲਾ ਕਰਨਗੇ, ਮੈਂ ਉਸ ਦੀ ਪਾਲਣਾ ਕਰਾਂਗੀ। ਮੈਂ ਉਸ (ਜ਼ਰੀਨ) ਨਾਲ ਭਿੜਨ ਤੋਂ ਨਹੀਂ ਡਰਦੀ, ਮੈਨੂੰ ਟ੍ਰਾਇਲਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ।''
ਉਸ ਨੇ ਕਿਹਾ, ''ਮੈਂ ਸੈਫ ਖੇਡਾਂ ਤੋਂ ਬਾਅਦ ਉਸ ਨੂੰ ਕਈ ਵਾਰ ਹਰਾਇਆ ਹੈ ਪਰ ਉਹ ਫਿਰ ਵੀ ਮੈਨੂੰ ਚੁਣੌਤੀ ਦਿੰਦੀ ਰਹਿੰਦੀ ਹੈ। ਮੇਰਾ ਮਤਲਬ ਹੈ ਕਿ ਇਸ ਦੀ ਕੀ ਜ਼ਰੂਰਤ ਹੈ। ਇਹ ਸਿਰਫ ਇਕ ਰਸਮੀ ਹੈ। ਬੀ. ਐੱਫ. ਆਈ. ਵੀ ਜਾਣਦਾ ਹੈ ਕਿ ਓਲੰਪਿਕ ਵਿਚ ਕੌਣ ਤਮਗਾ ਜਿੱਤ ਸਕਦਾ ਹੈ। ਲੋਕ ਮੇਰੇ ਤੋਂ ਨਫਰਤ ਕਰਦੇ ਹਨ। ਇਹ ਪਹਿਲਾਂ ਵੀ ਮੇਰੇ ਨਾਲ ਹੋ ਚੁੱਕਾ ਹੈ। ਰਿੰਗ ਵਿਚ ਪ੍ਰਦਰਸ਼ਨ ਕਰੋ, ਇਹ ਸਹੀ ਚੀਜ਼ ਹੈ। ਬੀ. ਐੱਫ. ਆਈ. ਸਾਨੂੰ ਵਿਦੇਸ਼ੀ ਦੌਰਿਆਂ 'ਤੇ ਭੇਜਦਾ ਹੈ। ਇਸ ਲਈ ਸੋਨ ਤਮਗੇ ਨਾਲ ਪਰਤੋ ਅਤੇ ਖੁਦ ਨੂੰ ਸਾਬਤ ਕਰੋ। ਮੈਂ ਉਸਦੇ ਖਿਲਾਫ ਨਹੀਂ ਹਾਂ। ਉਹ ਭਵਿੱਖ ਵਿਚ ਚੰਗੀ ਹੋ ਸਕਦੀ ਹੈ, ਉਸ ਨੂੰ ਤਜ਼ਰਬਾ ਲੈਣਾ ਚਾਹੀਦਾ ਹੈ ਅਤੇ ਉੱਚ ਪੱਧਰ ਲਈ ਤਿਆਰੀਆਂ 'ਤੇ ਧਿਆਨ ਲਾਉਣਾ ਚਾਹੀਦਾ ਹੈ। ਮੈਂ ਪਿਛਲੇ 20 ਸਾਲਾਂ ਤੋਂ ਰਿੰਗ ਵਿਚ ਲੜ੍ਹ ਰਹੀ ਹਾਂ।''