ਭਾਰਤੀ ਟੀਮ ਦੇ ਆਸਟਰੇਲੀਆ ਦੌਰੇ ਦੀ ਕਿੰਨੀ ਸੰਭਾਵਨਾ, CA ਨੇ ਦਿੱਤਾ ਜਵਾਬ
Friday, May 22, 2020 - 12:56 PM (IST)

ਸਪੋਰਟਸ ਡੈਸਕ : ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਮੁੱਖ ਕਾਰਜਕਾਰੀ ਕੇਵਿਨ ਰਾਬਰਟਸ ਨੇ ਕਿਹਾ ਕਿ ਭਾਰਤੀ ਟੀਮ ਦੇ ਇਸ ਸਾਲ ਦੇ ਅਖੀਰ ਵਿਚ 4 ਟੈਸਟ ਦੀ ਸੀਰੀਜ਼ ਲਈ ਆਸਟਰੇਲੀਆ ਦਾ ਦੌਰਾ ਕਰਨ ਦੀ 90 ਫੀਸਦੀ ਸੰਭਾਵਨਾ ਹੈ। ਕ੍ਰਿਕਟ ਆਸਟਰੇਲੀਆ ਇਸ ਸਮੇਂ ਕਾਫੀ ਆਰਥਿਕ ਸੰਕਟ ਵਿਚ ਹੈ ਅਤੇ ਉਸ ਨੂੰ ਹਰ ਹਾਲਤ ਵਿਚ ਇਸ ਸੀਰੀਜ਼ ਦੀ ਜ਼ਰੂਰਤ ਹੈ। ਇਸ ਦੇ ਜ਼ਰੀਏ ਉਸ ਨੂੰ ਪ੍ਰਸਾਰਣ ਅਧਿਕਾਰ ਦੇ 30 ਕਰੋੜ ਡਾਲਰ ਮਿਲਣਗੇ। ਕੋਰੋਨਾ ਵਾਇਰਸ ਕਾਰਨ ਉਸ ਨੂੰ ਆਪਣੇ 80 ਫੀਸਦੀ ਸਟਾਫ ਨੂੰ ਜੂਨ ਤਕ 20 ਫੀਸਦੀ ਵੇਤਨ 'ਤੇ ਰੱਖਣਾ ਪੈ ਰਿਹਾ ਹੈ। ਰਾਬਰਟਸ ਨੇ ਮੀਡੀਆ ਨੂੰ ਕਿਹਾ ਅੱਜਕਲ ਕੁਝ ਵੀ ਯਕੀਨੀ ਨਹੀਂ ਹੈ। ਮੈਂ ਇਹ ਨਹੀਂ ਕਹਾਂਗਾ ਕਿ ਦੌਰੇ ਦੀ ਸੰਭਾਵਨਾ 10 ਵਿਚੋਂ 10 ਹੈ ਪਰ 10 ਵਿਚੋਂ 9 ਜ਼ਰੂਰ ਹੈ।
ਉਸ ਨੇ ਕਿਹਾ ਕਿ ਅਜੇ ਕੁਝ ਵੀ ਕਹਿ ਨਹੀਂ ਸਕਦੇ ਕਿ ਦਰਸ਼ਕ ਹੋਣਗੇ ਜਾਂ ਨਹੀਂ। ਜੇਕਰ ਭਾਰਤ ਦਾ ਦੌਰਾ ਨਹੀਂ ਹੁੰਦਾ ਤਾਂ ਮੈਨੂੰ ਹੈਰਾਨੀ ਹੋਵੇਗੀ ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਦੌਰੇ ਦੀ ਸ਼ੁਰੂਆਤ ਤੋਂ ਹੀ ਸਟੇਡੀਅਮ ਵਿਚ ਦਰਸ਼ਕ ਨਹੀਂ ਹੋਣਗੇ। ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ ਹੈ। ਆਸਟਰੇਲੀਆਈ ਟੀਮ ਨੂੰ ਸੀਮਤ ਓਵਰਾਂ ਦੀ ਸੀਰੀਜ਼ ਦੇ ਲਈ ਇੰਗਲੈਂਡ ਜਾਣਾ ਹੈ ਪਰ ਇਸ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ (ਸੀ. ਏ.) ਪਾਕਿਸਤਾਨ ਅਤੇ ਵੈਸਟਇੰਡੀਜ਼ ਦੇ ਇੰਗਲੈਂਡ ਦੌਰੇ ਦੀ ਉਡੀਕ ਕਰੇਗਾ। ਰਾਬਰਟਸ ਨੇ ਕਿਹਾ ਕਿ ਅਸੀਂ ਆਪਣੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਨਹੀਂ ਕਰਾਂਗੇ। ਅਸੀਂ ਦੇਖਦੇ ਹਾਂ ਕਿ ਵੈਸਟਿੰਡੀਜ਼ ਅਤੇ ਪਾਕਿਸਤਾਨ ਦਾ ਇੰਗਲੈਂਡ ਦੌਰਾ ਕਿਸ ਤਰ੍ਹਾਂ ਦਾ ਰਹਿੰਦਾ ਹੈ। ਉਮੀਦ ਹੈ ਕਿ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਹੋਣ ਦੀ ਸੰਭਾਵਨਾ ਵੀ ਘੱਟ ਲਗ ਰਹੀ ਹੈ, ਜਿਸ ਨੂੰ 2021 ਵਿਚ ਕਰਾਇਆ ਜਾ ਸਕਦਾ ਹੈ ਜਦਕਿ 2022 ਟੀ-20 ਵਿਸ਼ਵ ਕੱਪ ਭਾਰਤ ਵਿਚ ਹੋਵੇਗਾ।