ਹੋਲਡਰ ਦੀਆਂ 5 ਵਿਕਟਾਂ, ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 169 ਦੌੜਾਂ ’ਤੇ ਕੀਤਾ ਢੇਰ
Monday, Mar 22, 2021 - 10:49 PM (IST)
ਨਾਰਥ ਪੁਆਇੰਟ (ਏਂਟੀਗਾ)– ਕਪਤਾਨੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਤੋਂ ਬਾਅਦ ਜੈਸਨ ਹੋਲਡਰ ਨੇ ਗੇਂਦਬਾਜ਼ੀ ਵਿਚ ਆਪਣਾ ਕਮਾਲ ਦਿਖਾ ਕੇ 27 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਵੈਸਟਇੰਡੀਜ਼ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਵਿਚ 169 ਦੌੜਾਂ ’ਤੇ ਢੇਰ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਇਸ ਹਫਤੇ ਆ ਸਕਦੇ ਹਨ ਭਾਰਤ
ਇਸ ਮਹੀਨੇ ਦੇ ਸ਼ੁਰੂ ਵਿਚ ਹੋਲਡਰ ਦੀ ਜਗ੍ਹਾ ਕ੍ਰੇਗ ਬ੍ਰੈੱਥਵੇਟ ਨੂੰ ਟੈਸਟ ਟੀਮ ਦੀ ਕਪਤਾਨੀ ਸੌਂਪੀ ਗਈ ਸੀ, ਜਿਸ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਹੋਲਡਰ ਨੇ ਇਸ ਫੈਸਲੇ ਨੂੰ ਸਹੀ ਸਾਬਤ ਕਰਨ 'ਚ ਕਸਰ ਨਹੀਂ ਛੱਡੀ ਤੇ ਟੈਸਟ ਮੈਚਾਂ ਵਿਚ 8ਵੀਂ ਵਾਰ ਪਾਰੀ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਕੇਮਾਰ ਰੋਚ ਨੇ ਦੂਜੇ ਸੈਸ਼ਨ ਵਿਚ ਚੰਗੀ ਗੇਂਦਬਾਜ਼ੀ ਕੀਤੀ ਤੇ 47 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਵੈਸਟਇੰਡੀਜ਼ ਨੂੰ ਦਿਨ ਦੇ ਆਖਰੀ ਘੰਟੇ ਵਿਚ ਬੱਲੇਬਾਜ਼ੀ ਦਾ ਮੌਕਾ ਮਿਲਿਆ ਤੇ ਉਸ ਨੇ ਚੌਕਸੀ ਵਰਤਦੇ ਹੋਏ ਸਟੰਪ ਉਖੜਨ ਤਕ ਬਿਨਾਂ ਕਿਸੇ ਨੁਕਸਾਨ ਦੇ 13 ਦੌੜਾਂ ਬਣਾਈਆਂ ਹਨ। ਬ੍ਰੈਥਵੇਟ 36 ਗੇਂਦਾਂ ’ਤੇ 3 ਤੇ ਜਾਨ ਕੈਂਪਬੈੱਲ 44 ਗੇਂਦਾਂ ’ਤੇ 7 ਦੌੜਾਂ ਬਣਾ ਕੇ ਖੇਡ ਰਿਹਾ ਹੈ।
ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਸਿਰਫ ਚਾਰ ਬੱਲੇਬਾਜ਼ ਹੀ ਦੋਹਰੇ ਅੰਕ ਵਿਚ ਪਹੁੰਚੇ, ਜਿਨ੍ਹਾਂ ਵਿਚ ਸਲਾਮੀ ਬੱਲੇਬਾਜ਼ ਲਾਹਿਰੂ ਥਿਰੀਮਾਨੇ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਨਿਰੋਸ਼ਨ ਡਿਕਵੇਲਾ (32), ਧਨੰਜਯਾ ਡਿਸਿਲਵਾ (13) ਤੇ ਕਪਤਾਨ ਦਿਮੁਥ ਕਰੁਣਾਰਤਨੇ (12) ਹੀ ਦੋਹਰੇ ਅੰਕ ਵਿਚ ਪਹੁੰਚ ਸਕੇ। ਥਿਰੀਮਾਨੇ ਨੇ 7ਵੀਂ ਵਿਕਟ ਦੇ ਰੂਪ ਵਿਚ ਹੋਲਡਰ ਦੀ ਗੇਂਦ ’ਤੇ ਬੋਲਡ ਹੋਣ ਤੋਂ ਪਹਿਲਾਂ ਆਪਣੀ ਪਾਰੀ ਵਿਚ 180 ਗੇਂਦਾਂ ਖੇਡੀਆਂ ਤੇ 4 ਚੌਕੇ ਲਾਏ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।