ਹਾਕੀ : ਭਾਰਤੀ ਮਹਿਲਾ ਟੀਮ ਦੂਜੇ ਟੈਸਟ ’ਚ ਆਸਟਰੇਲੀਆ ਤੋਂ 2-3 ਨਾਲ ਹਾਰੀ
Saturday, May 20, 2023 - 08:11 PM (IST)
ਐਡੀਲੇਡ– ਆਸਟਰੇਲੀਆ ਨੇ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਵਿਚ ਸ਼ਨੀਵਾਰ ਨੂੰ ਇੱਥੇ ਭਾਰਤੀ ਮਹਿਲਾ ਹਾਕੀ ਟੀਮ ਨੂੰ 3-2 ਨਾਲ ਹਰਾ ਕੇ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਭਾਰਤੀ ਟੀਮ ਨੇ ਲੜੀ ਦੇ ਪਹਿਲੇ ਮੈਚ ਦੀ ਤੁਲਨਾ ਵਿਚ ਇਸ ਮੈਚ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਪਰ ਜਿੱਤ ਦਰਜ ਕਰਨ ਵਿਚ ਅਸਫਲ ਰਹੀ।
ਭਾਰਤ ਲਈ ਸੰਗੀਤਾ ਕੁਮਾਰੀ (13ਵੇਂ) ਤੇ ਗੁਰਜੀਤ ਕੌਰ (17ਵੇਂ) ਨੇ ਗੋਲ ਕੀਤੇ। ਆਸਟਰੇਲੀਆ ਲਈ ਟਾਟਮ ਸਟੀਵਰਟ (12ਵੇਂ ਤੇ 45ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਪਿੱਪਾ ਮੋਰਗਨ (38ਵੇਂ) ਨੇ ਵੀ ਇਕ ਗੋਲ ਕੀਤਾ। ਵਿਸ਼ਵ ਰੈਂਕਿੰਗ ਵਿਚ ਤੀਜੇ ਨੰਬਰ ’ਤੇ ਕਾਬਜ਼ ਆਸਟਰੇਲੀਆ ਨੇ ਲੜੀ ਦੇ ਪਹਿਲੇ ਮੈਚ ਵਿਚ ਵੀਰਵਾਰ ਨੂੰ 4-2 ਨਾਲ ਜਿੱਤ ਦਰਜ ਕੀਤੀ ਸੀ। ਲੜੀ ਦਾ ਤੀਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਚੀਨ 'ਚ ਇਸ ਸਾਲ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਇਸ ਦੌਰੇ 'ਤੇ ਆਈ ਭਾਰਤੀ ਟੀਮ ਟੈਸਟ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ 'ਏ' ਖਿਲਾਫ ਵੀ ਦੋ ਮੈਚ ਖੇਡੇਗੀ।