ਹਾਕੀ : ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ

Friday, Aug 24, 2018 - 09:58 PM (IST)

ਹਾਕੀ : ਭਾਰਤ ਨੇ ਜਾਪਾਨ ਨੂੰ 8-0 ਨਾਲ ਹਰਾਇਆ

ਜਕਾਰਤਾ— ਸਾਬਕਾ ਚੈਂਪੀਅਨ ਭਾਰਤ ਨੇ ਗੋਲਾਂ ਦਾ ਮੀਂਹ ਵਰ੍ਹਾਉਣ ਦਾ ਸਿਲਸਿਲਾ ਜਾਰੀ ਰੱਖਦਿਆਂ ਜਾਪਾਨ ਨੂੰ 18ਵੀਆਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਪੂਲ-ਏ 'ਚ ਸ਼ੁੱਕਰਵਾਰ 8-0 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ। ਭਾਰਤ ਨੇ ਹਾਂਗਕਾਂਗ ਵਿਰੁੱਧ ਪਿਛਲੇ ਮੁਕਾਬਲੇ 'ਚ 86 ਸਾਲ ਪੁਰਾਣਾ ਰਿਕਾਰਡ ਤੋੜ ਕੇ 26-0 ਦੇ ਸਕੋਰ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਜਾਪਾਨ ਨੂੰ 8 ਗੋਲਾਂ ਨਾਲ ਹਰਾਉਣ ਦੇ ਨਾਲ ਹੀ ਭਾਰਤ ਨੇ ਇਨ੍ਹਾਂ ਖੇਡਾਂ ਵਿਚ ਤਿੰਨ ਮੈਚਾਂ 'ਚ 50 ਗੋਲ ਪੂਰੇ ਕਰ ਲਏ।
ਸਾਬਕਾ ਚੈਂਪੀਅਨ ਭਾਰਤੀ ਟੀਮ ਇਸ ਦੇ ਨਾਲ ਹੀ ਪੂਲ-ਏ ਵਿਚ ਚੋਟੀ 'ਤੇ ਪਹੁੰਚ ਗਈ ਹੈ ਤੇ ਉਸ ਦਾ ਸੈਮੀਫਾਈਨਲ 'ਚ ਸਥਾਨ ਲਗਭਗ ਪੱਕਾ ਹੋ ਚੁੱਕਾ ਹੈ। ਹਾਲਾਂਕਿ ਅਜੇ ਦੋ ਪੂਲ ਮੈਚ ਖੇਡੇ ਜਾਣੇ ਬਾਕੀ ਹਨ। ਭਾਰਤ ਤੇ ਕੋਰੀਆ ਦੇ ਤਿੰਨ-ਤਿੰਨ ਮੈਚਾਂ ਵਿਚੋਂ ਇਕ ਬਰਾਬਰ 9-9 ਅੰਕ ਹਨ ਪਰ ਭਾਰਤ ਜ਼ਿਆਦਾ ਗੋਲਾਂ ਕਾਰਨ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ ਹੈ। ਕੋਰੀਆ ਨੇ 3 ਮੈਚਾਂ 'ਚ 34 ਗੋਲ ਕੀਤੇ ਹਨ। 
ਭਾਰਤ ਨੇ ਮੈਚ ਦੇ 7ਵੇਂ ਮਿੰਟ 'ਚ ਗੋਲਾਂ ਦੀ ਸ਼ੁਰੂਆਤ ਕੀਤੀ, ਜਦੋਂ ਐੱਸ. ਵੀ. ਸੁਨੀਲ ਨੇ ਭਾਰਤ ਦਾ ਪਹਿਲਾ ਗੋਲ ਕੀਤਾ। ਦਿਲਪ੍ਰੀਤ ਸਿੰਘ ਨੇ ਭਾਰਤ ਨੂੰ 12ਵੇਂ ਮਿੰਟ ਵਿਚ 2-0 ਨਾਲ ਅੱਗੇ ਕਰ ਦਿੱਤਾ। ਭਾਰਤ ਦਾ ਤੀਜਾ ਗੋਲ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੇ 17ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਕੀਤਾ। ਸਾਬਕਾ ਚੈਂਪੀਅਨ ਟੀਮ ਅੱਧੇ ਸਮੇਂ ਤਕ 3-0 ਨਾਲ ਅੱਗੇ ਸੀ। ਭਾਰਤ ਨੇ ਦੂਜੇ ਹਾਫ ਵਿਚ 5 ਗੋਲ ਕਰ ਕੇ ਆਸਾਨ ਜਿੱਤ ਹਾਸਲ ਕੀਤੀ। ਮਨਦੀਪ ਸਿੰਘ ਨੇ 32ਵੇਂ ਮਿੰਟ ਵਿਚ ਭਾਰਤ ਦਾ ਚੌਥਾ ਗੋਲ ਕੀਤਾ। ਭਾਰਤ ਨੂੰ 38ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਮਿਲਿਆ, ਜਿਸ 'ਤੇ ਰੁਪਿੰਦਰ ਨੇ ਜਾਪਾਨ ਦੇ ਗੋਲਕੀਪਰ ਨੂੰ ਝਕਾਨੀ ਦੇਣ 'ਚ ਕੋਈ ਗਲਤੀ ਨਹੀਂ ਕੀਤੀ। ਭਾਰਤ ਹੁਣ 5-0 ਨਾਲ ਅੱਗੇ ਹੋ ਗਿਆ।
ਚੌਥਾ ਕੁਆਰਟਰ ਸ਼ੁਰੂ ਹੁੰਦਿਆਂ ਹੀ ਆਕਾਸ਼ਦੀਪ ਸਿੰਘ ਨੇ 46ਵੇਂ ਮਿੰਟ 'ਚ ਭਾਰਤ ਦਾ ਛੇਵਾਂ ਤੇ ਵਿਵੇਕ ਪ੍ਰਸਾਦ ਨੇ ਸੱਤਵਾਂ ਗੋਲ ਕਰ ਦਿੱਤਾ। ਮਨਦੀਪ ਸਿੰਘ ਨੇ 57ਵੇਂ ਮਿੰਟ 'ਚ ਭਾਰਤ ਦਾ 8ਵਾਂ ਗੋਲ ਕੀਤਾ, ਜਿਸ ਦੇ ਨਾਲ ਹੀ ਭਾਰਤ ਨੇ ਆਸਾਨ ਜਿੱਤ ਹਾਸਲ ਕਰ ਲਈ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਕੋਰੀਆ ਨਾਲ ਹੋਵੇਗਾ, ਜਿਸ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ। ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਪੂਲ-ਏ 'ਚ ਚੋਟੀ 'ਤੇ ਰਹੇਗੀ।


Related News