ਭਾਰਤ ਦਾ ਸਭ ਤੋਂ ਸਫ਼ਲ ਟੀ-20 ਕਪਤਾਨ ਤੇ ਸਭ ਤੋਂ ਵੱਧ ਸੈਂਕੜੇ ਜੜਨ ਵਾਲਾ ਬੱਲੇਬਾਜ਼ ਬਣਿਆ ''ਹਿੱਟਮੈਨ'' ਰੋਹਿਤ ਸ਼ਰਮਾ
Thursday, Jan 18, 2024 - 03:00 AM (IST)
ਸਪੋਰਟਸ ਡੈਸਕ- ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡੀ ਗਈ ਟੀ-20 ਲੜੀ ਦਾ ਤੀਜਾ ਮੁਕਾਬਲਾ ਹਰ ਪੱਖੋਂ ਖ਼ਾਸ ਰਿਹਾ। ਇਸ ਮੁਕਾਬਲੇ 'ਚ ਜਿੱਥੇ ਰੱਜ ਕੇ ਚੌਕੇ-ਛੱਕਿਆਂ ਦਾ ਮੀਂਹ ਵਰ੍ਹਿਆ, ਉੱਥੇ ਹੀ ਇਹ ਮੈਚ ਭਾਰਤੀ ਕਪਤਾਨ 'ਹਿੱਟਮੈਨ' ਰੋਹਿਤ ਸ਼ਰਮਾ ਲਈ ਵੀ ਬਿਹਤਰੀਨ ਸਾਬਿਤ ਹੋਇਆ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਇਸ ਲੜੀ ਦੇ ਪਹਿਲੇ ਦੋ ਮੁਕਾਬਲਿਆਂ 'ਚ ਖਾਤਾ ਵੀ ਨਹੀਂ ਖੋਲ੍ਹ ਸਕੇ ਸੀ ਤੇ ਇਸ ਮੁਕਾਬਲੇ 'ਚ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਸਿਰਫ਼ 69 ਗੇਂਦਾਂ 'ਚ 11 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ ਨਾਬਾਦ 121 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।
ਇਸ ਸੈਂਕੜੇ ਦੇ ਨਾਲ ਹੀ ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲ਼ੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਰੋਹਿਤ, ਮੈਕਸਵੈੱਲ ਅਤੇ ਸੂਰਿਆਕੁਮਾਰ ਯਾਦਵ ਦੇ 4-4 ਸੈਂਕੜੇ ਸਨ, ਪਰ ਰੋਹਿਤ ਨੇ ਸ਼ਾਨਦਾਰ ਅੰਦਾਜ਼ 'ਚ ਇਹ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਰੋਹਿਤ ਦੇ ਨਾਂ ਹੁਣ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ 5 ਸੈਂਕੜੇ ਹੋ ਗਏ ਹਨ।
ਇਹੀ ਨਹੀਂ, ਇਹ ਮੁਕਾਬਲਾ ਜਿੱਤਣ ਦੇ ਨਾਲ ਹੀ ਰੋਹਿਤ ਸ਼ਰਮਾ ਟੀ-20 'ਚ ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਵੀ ਬਣ ਗਏ ਹਨ। ਉਨ੍ਹਾਂ ਨੇ 55 ਮੈਚਾਂ 'ਚ 42 ਜਿੱਤਾਂ ਦਰਜ ਕਰ ਕੇ ਭਾਰਤ ਦੇ ਸਾਬਕਾ ਕਪਤਾਨ ਤੇ ਧਾਕੜ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਪਛਾੜ ਦਿੱਤਾ ਹੈ, ਜਿਨ੍ਹਾਂ ਨੇ 72 ਟੀ-20 ਮੈਚਾਂ 'ਚੋਂ 41 'ਚ ਭਾਰਤ ਨੂੰ ਜਿੱਤ ਦਿਵਾਈ ਸੀ। ਇਸ ਲਿਸਟ 'ਚ ਵਿਰਾਟ ਕੋਹਲੀ ਦਾ ਨਾਂ ਤੀਜੇ ਨੰਬਰ 'ਤੇ ਆਉਂਦਾ ਹੈ, ਜਿਨ੍ਹਾਂ ਨੇ 50 ਟੀ-20 ਮੈਚਾਂ 'ਚ ਕਪਤਾਨੀ ਕੀਤੀ, ਜਿਨ੍ਹਾਂ 'ਚੋਂ 30 'ਚ ਭਾਰਤ ਨੂੰ ਜਿੱਤ ਹਾਸਲ ਹੋਈ। ਇਸ ਤਰ੍ਹਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਰੋਹਿਤ ਸ਼ਰਮਾ ਦਾ ਬਤੌਰ ਕਪਤਾਨ ਜਿੱਤ ਦਾ ਅਨੁਪਾਤ ਵੀ ਧੋਨੀ ਅਤੇ ਕੋਹਲੀ ਤੋਂ ਬਿਹਤਰ ਹੈ।
ਪਹਿਲਾਂ ਜਿੱਥੇ ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ 'ਚ ਜਗ੍ਹਾ ਮਿਲਣ 'ਤੇ ਵੀ ਆਸ਼ੰਕਾ ਪੈਦਾ ਹੋ ਗਈ ਸੀ, ਉੱਥੇ ਹੀ ਹੁਣ ਉਨ੍ਹਾਂ ਨੇ ਆਪਣੀ ਇਸ ਪਾਰੀ ਨਾਲ ਇਕ ਵਾਰ ਫਿਰ ਤੋਂ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8