ਬੀਬੀਆਂ ਦਾ ਹੀਰੋ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਰੱਦ

07/01/2020 1:23:50 AM

ਨਵੀਂ ਦਿੱਲੀ– ਹੀਰੋ ਮਹਿਲਾ ਇੰਡੀਅਨ ਗੋਲਫ ਟੂਰਨਾਮੈਂਟ 2020 ਨੂੰ ਕੋਰੋਨਾ ਵਾਇਰਸ ਦੇ ਕਾਰਣ ਰੱਦ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਦਾ ਆਯੋਜਨ 1 ਤੋਂ 4 ਅਕਤੂਬਰ ਤਕ ਹੋਣਾ ਸੀ। ਮਹਿਲਾ ਯੂਰਪੀਅਨ ਟੂਰ ਤੇ ਭਾਰਤੀ ਮਹਿਲਾ ਗੋਲਫ ਸੰਘ ਨੇ ਖਿਡਾਰੀਆਂ, ਸਟਾਫ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਲਾ ਇੰਡੀਅਨ ਓਪਨ ਨੂੰ ਇਸ ਸਾਲ ਰੱਦ ਕਰਨ ਦਾ ਫੈਸਲਾ ਕੀਤਾ। ਇਹ ਟੂਰਨਾਮੈਂਟ ਆਪਣੇ 14ਵੇਂ ਸੈਸ਼ਨ ਦੇ ਲਈ ਅਕਤੂਬਰ 2021 'ਚ ਗੁਰੂਗਰਾਮ ਦੇ ਡੀ. ਐੱਲ. ਐੱਫ. ਗੋਲਫ ਐਂਡ ਕੰਟ੍ਰੀ ਕਲੱਬ 'ਚ ਵਾਪਸ ਆਵੇਗਾ।
ਭਾਰਤੀ ਮਹਿਲਾ ਗੋਲਫ ਸੰਘ ਦੀ ਪ੍ਰਧਾਨ ਕਵਿਤਾ ਸਿੰਘ ਨੇ ਕਿਹਾ ਕਿ ਇਹ ਇਕ ਮੁਸ਼ਕਿਲ ਫੈਸਲਾ ਸੀ ਪਰ ਕੋਰੋਨਾ ਮਹਾਮਾਰੀ ਦੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਠੀਕ ਫੈਸਲਾ ਲਿਆ ਹੈ। ਮਹਿਲਾ ਇੰਡੀਆ ਓਪਨ 2007 ਤੋਂ ਬਾਅਦ ਲਗਾਤਾਰ ਆਯੋਜਿਤ ਹੋ ਰਹੇ ਹਨ ਤੇ ਮਹਿਲਾ ਯੂਰਪੀਅਨ ਟੂਰ ਦੇ ਕੈਲੰਡਰ ਦਾ ਨਿਯਮਤ ਹਿੱਸਾ ਹੈ। ਕੋਰੋਨਾ ਦੇ ਕਾਰਨ ਦੁਨੀਆ ਭਰ 'ਚ ਖੇਡ ਮੁਕਾਬਲਿਆਂ ਨੂੰ ਮੁਲਤਵੀ ਜਾਂ ਰੱਦ ਕੀਤਾ ਗਿਆ ਹੈ। ਇਸ ਕ੍ਰਮ 'ਚ ਮਹਿਲਾ ਇੰਡੀਅਨ ਓਪਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।


Gurdeep Singh

Content Editor

Related News