ਜੀਤੂ, ਹਿਨਾ ਦੀ ਜੋੜੀ ਨੂੰ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ''ਚ ਸੋਨ ਤਮਗੇ

06/12/2017 7:00:13 PM

ਗਾਬਲਾ— ਭਾਰਤ ਦੇ ਜੀਤੂ ਰਾਏ ਅਤੇ ਹਿਨਾ ਸਿੱਧੂ ਨੇ ਅੱਜ ਇੱਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਮਿਕਸਡ ਟੀਮ ਵਰਗ ਦੇ ਫਾਈਨਲ 'ਚ ਰੂਸ ਨੂੰ 7-6 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਫਰਾਂਸ ਨੇ ਈਰਾਨ ਨੂੰ ਇਸੇ ਸਕੋਰ ਨਾਲ ਹਰਾ ਕੇ ਇਸ ਮੁਕਾਬਲੇ ਦਾ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਪ੍ਰਤੀਯੋਗਿਤਾ ਦੇ ਚੌਥੇ ਦਿਨ ਜੀਤੂ ਅਤੇ ਹਿਨਾ ਦੋਹਾਂ ਹੀ ਪੁਰਸ਼ ਅਤੇ ਮਹਿਲਾ ਵਰਗ ਦੇ 10 ਮੀਟਰ ਏਅਰ ਪਿਸਟਲ ਦੇ ਕੁਆਲੀਫਾਇੰਗ ਦੌਰ 'ਚ ਕ੍ਰਮਵਾਰ 12ਵੇਂ ਅਤੇ ਨੌਵੇਂ ਸਥਾਨ 'ਤੇ ਰਹੇ ਅਤੇ ਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝੇ ਗਏ। ਸਿਰਫ ਚੋਟੀ ਦੇ 8 ਖਿਡਾਰੀ ਹੀ ਫਾਈਨਲ 'ਚ ਪਹੁੰਚਦੇ ਹਨ। ਮਿਕਸਡ ਟੀਮ ਮੁਕਾਬਲਾ ਇਸ ਸਾਲ ਭਾਵੇਂ ਹੀ ਵਿਸ਼ਵ ਕੱਪ ਦੀ ਤਮਗਾ ਸੂਚੀ 'ਚ ਸ਼ਾਮਲ ਨਹੀਂ ਹੈ ਪਰ ਉਸ ਨੂੰ ਟੋਕੀਓ 2020 ਓਲੰਪਿਕ ਦੇ ਤਮਗਾ ਮੁਕਾਬਲੇ ਦੇ ਲਈ ਮਨਜ਼ੂਰੀ ਮਿਲੀ ਹੋਈ ਹੈ। ਭਾਰਤੀ ਜੋੜੀ ਦਾ ਇਹ ਵਿਸ਼ਵ ਕੱਪ 'ਚ ਦੂਜਾ ਸੋਨ ਤਮਗਾ ਹੈ। ਉਨ੍ਹਾਂ ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ 'ਚ ਨਵੀਂ ਦਿੱਲੀ 'ਚ ਸੋਨ ਤਮਗਾ ਜਿੱਤਿਆ ਸੀ।


Related News