ਹੈਡ ਬਣਿਆ ਟੀ-20 ਦਾ ਨੰਬਰ ਇਕ ਬੱਲੇਬਾਜ਼, ਬੁਮਰਾਹ 24ਵੇਂ ਸਥਾਨ ''ਤੇ ਪਹੁੰਚਿਆ

Wednesday, Jun 26, 2024 - 04:33 PM (IST)

ਦੁਬਈ, (ਭਾਸ਼ਾ) ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਭਾਰਤ ਦੇ ਸੂਰਿਆਕੁਮਾਰ ਯਾਦਵ ਨੂੰ ਪਛਾੜ ਕੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਅੱਜ ਜਾਰੀ ਤਾਜ਼ਾ ਰੈਂਕਿੰਗ ਵਿਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਬਣ ਗਏ ਹਨ।  ਸੂਰਿਆਕੁਮਾਰ ਯਾਦਵ ਦਸੰਬਰ 2023 ਤੋਂ ਸਿਖਰ 'ਤੇ ਸਨ। ਹੈਡ ਨੇ ਚੱਲ ਰਹੇ ਟੀ-20 ਵਿਸ਼ਵ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨੰਬਰ ਇੱਕ ਰੈਂਕਿੰਗ ਹਾਸਲ ਕੀਤੀ। ਆਸਟ੍ਰੇਲੀਆ ਹਾਲਾਂਕਿ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। 

ਹੈੱਡ ਨੇ ਟੂਰਨਾਮੈਂਟ ਵਿੱਚ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 255 ਦੌੜਾਂ ਬਣਾਈਆਂ, ਜਿਸ ਵਿੱਚ ਸੁਪਰ ਅੱਠ ਮੈਚ ਵਿੱਚ ਭਾਰਤ ਖ਼ਿਲਾਫ਼ 76 ਦੌੜਾਂ ਦੀ ਪਾਰੀ ਵੀ ਸ਼ਾਮਲ ਸੀ। ਹੈੱਡ ਸੂਰਿਆਕੁਮਾਰ (842 ਅੰਕ) ਤੋਂ ਦੋ ਅੰਕ ਅੱਗੇ ਹੈ। ਸੂਰਿਆਕੁਮਾਰ ਦੂਜੇ ਸਥਾਨ 'ਤੇ ਖਿਸਕ ਗਿਆ ਹੈ ਪਰ ਉਸ ਕੋਲ ਨੰਬਰ ਇਕ ਰੈਂਕਿੰਗ ਮੁੜ ਹਾਸਲ ਕਰਨ ਦਾ ਮੌਕਾ ਹੈ ਕਿਉਂਕਿ ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਅਤੇ ਇਸ ਬੱਲੇਬਾਜ਼ ਨੂੰ ਹੋਰ ਮੌਕੇ ਮਿਲਣਗੇ। ਇੰਗਲੈਂਡ ਦੇ ਫਿਲ ਸਾਲਟ ਅਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵੀ ਚੋਟੀ ਦੇ ਪੰਜ 'ਚ ਸ਼ਾਮਲ ਹਨ। 

ਵੈਸਟਇੰਡੀਜ਼ ਦਾ ਜਾਨਸਨ ਚਾਰਲਸ ਸਿਖਰਲੇ 10 ਵਿੱਚ ਥਾਂ ਬਣਾਉਣ ਵਾਲਾ ਇਕਲੌਤਾ ਨਵਾਂ ਖਿਡਾਰੀ ਹੈ। ਉਸ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ ਹੈ। ਅਫਗਾਨਿਸਤਾਨ ਦੇ ਸਟਾਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਵੀ ਪੰਜ ਸਥਾਨਾਂ ਦਾ ਫਾਇਦਾ ਹੋਇਆ ਹੈ। ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਕਪਤਾਨ ਜਸਪ੍ਰੀਤ ਬੁਮਰਾਹ 44 ਸਥਾਨਾਂ ਦੀ ਛਲਾਂਗ ਲਗਾ ਕੇ 24ਵੇਂ ਸਥਾਨ 'ਤੇ ਪਹੁੰਚ ਗਏ ਹਨ ਜਦਕਿ ਸਪਿਨਰ ਕੁਲਦੀਪ ਯਾਦਵ ਵੀ 20 ਸਥਾਨਾਂ ਦੀ ਛਲਾਂਗ ਲਗਾ ਕੇ 11ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਪਿਨ ਆਲਰਾਊਂਡਰ ਅਕਸ਼ਰ ਪਟੇਲ ਅੱਠਵੇਂ ਸਥਾਨ 'ਤੇ ਚੋਟੀ ਦੇ ਭਾਰਤੀ ਗੇਂਦਬਾਜ਼ ਹਨ। 

ਗੇਂਦਬਾਜ਼ੀ ਰੈਂਕਿੰਗ 'ਚ ਇੰਗਲੈਂਡ ਦੇ ਆਦਿਲ ਰਾਸ਼ਿਦ ਸਿਖਰ 'ਤੇ ਹਨ। ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੂਜੇ ਸਥਾਨ 'ਤੇ ਹਨ। ਜੋਸ਼ ਹੇਜ਼ਲਵੁੱਡ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਹ ਵਨਿੰਦੂ ਹਸਾਰੰਗਾ ਤੋਂ ਬਾਅਦ ਚੌਥੇ ਸਥਾਨ 'ਤੇ ਹੈ। ਮਾਰਕਸ ਸਟੋਇਨਿਸ ਨੇ ਥੋੜ੍ਹੇ ਸਮੇਂ ਲਈ ਸਿਖਰ 'ਤੇ ਰਹਿਣ ਦੇ ਬਾਅਦ ਸ਼੍ਰੀਲੰਕਾ ਦੇ ਹਸਾਰੰਗਾ ਤੋਂ ਆਲਰਾਊਂਡਰਾਂ ਦੀ ਸੂਚੀ 'ਚ ਚੋਟੀ ਦਾ ਸਥਾਨ ਗੁਆ ​​ਦਿੱਤਾ ਹੈ। ਸਟੋਇਨਿਸ ਚੌਥੇ ਸਥਾਨ 'ਤੇ ਖਿਸਕ ਗਿਆ ਹੈ। ਅਫਗਾਨਿਸਤਾਨ ਦੇ ਮੁਹੰਮਦ ਨਬੀ ਦੂਜੇ ਅਤੇ ਭਾਰਤ ਦੇ ਹਾਰਦਿਕ ਪੰਡਯਾ ਤੀਜੇ ਸਥਾਨ 'ਤੇ ਹਨ। ਵੈਸਟਇੰਡੀਜ਼ ਦਾ ਰੋਸਟਨ ਚੇਜ਼ 17 ਸਥਾਨਾਂ ਦੇ ਫਾਇਦੇ ਨਾਲ ਆਲਰਾਊਂਡਰਾਂ ਦੀ ਸੂਚੀ 'ਚ 12ਵੇਂ ਸਥਾਨ 'ਤੇ ਹੈ। 


Tarsem Singh

Content Editor

Related News