ਪੈਰਾਲੰਪਿਕ ਦੇ ਸਮਾਪਤੀ ਸਮਾਰੋਹ ’ਚ ਹਰਵਿੰਦਰ ਤੇ ਪ੍ਰੀਤੀ ਹੋਣਗੇ ਭਾਰਤੀ ਝੰਡਾਬਰਦਾਰ
Saturday, Sep 07, 2024 - 12:00 PM (IST)
ਪੈਰਿਸ– ਸੋਨ ਤਮਗਾ ਜੇਤੂ ਤੀਰਅੰਦਾਜ਼ ਹਰਵਿੰਦਰ ਸਿੰਘ ਤੇ ਪੈਰਾਲੰਪਿਕ ਵਿਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਫਰਾਟਾ ਦੌੜਾਕ ਪ੍ਰੀਤੀ ਪਾਲ ਪੈਰਿਸ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਭਾਰਤ ਦੇ ਝੰਡਾਬਰਦਾਰ ਹੋਣਗੇ। 33 ਸਾਲਾ ਹਰਵਿੰਦਰ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਹੈ। ਉਸ ਨੇ ਟੋਕੀਓ ਵਿਚ 2021 ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਨੇ ਕਿਹਾ,‘‘ਭਾਰਤ ਲਈ ਸੋਨ ਤਮਗਾ ਜਿੱਤਣਾ ਸੁਪਨਾ ਸੱਚ ਹੋਣ ਵਰਗਾ ਹੈ। ਹੁਣ ਸਮਾਪਤੀ ਸਮਾਰੋਹ ਵਿਚ ਭਾਰਤ ਦਾ ਝੰਡਾਬਰਦਾਰ ਹੋਣਾ ਤਾਂ ਸਭ ਤੋਂ ਵੱਡਾ ਸਨਮਾਨ ਹੈ। ਇਹ ਜਿੱਤ ਉਨ੍ਹਾਂ ਸਾਰਿਆਂ ਲਈ ਹੈ, ਜਿਨ੍ਹਾਂ ’ਤੇ ਮੈਨੂੰ ਭਰੋਸਾ ਸੀ। ਉਮੀਦ ਹੈ ਕਿ ਮੈਂ ਕਈਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੀ ਪ੍ਰੇਰਣਾ ਦੇ ਸਕਾਂਗਾ।’’
ਮਹਿਲਾਵਾਂ ਦੀ ਟੀ35 ਵਿਚ 100 ਤੇ 200 ਮੀਟਰ ਪ੍ਰਤੀਯੋਗਿਤਾ ਦੌਰਾਨ ਕਾਂਸੀ ਤਮਗਾ ਜਿੱਤਣ ਵਾਲੀ 23 ਸਾਲਾ ਪ੍ਰੀਤੀ ਨੇ ਕਿਹਾ,‘‘ਭਾਰਤ ਦਾ ਝੰਡਾਬਰਦਾਰ ਹੋਣਾ ਮਾਣ ਦੀ ਗੱਲ ਹੈ। ਇਹ ਸਿਰਫ ਮੇਰੇ ਲਈ ਨਹੀਂ, ਸਗੋਂ ਮੁਸ਼ਕਿਲਾਂ ਨੂੰ ਪਾਰ ਕਰ ਕੇ ਦੇਸ਼ ਨੂੰ ਸਨਮਾਨਿਤ ਕਰਨ ਵਾਲੇ ਹਰ ਪੈਰਾ ਐਥਲੀਟ ਲਈ ਹੈ।’