ਕੀਆ ਸੁਪਰ ਲੀਗ ''ਚ ਖੇਡੇਗੀ ਹਰਮਨਪ੍ਰੀਤ

05/28/2017 2:34:55 PM

ਨਵੀਂ ਦਿੱਲੀ— ਆਸਟਰੇਲੀਆਈ ਮਹਿਲਾ ਬਿਗ ਬੈਸ਼ ਲੀਗ ਖੇਡ ਕੇ ਇਤਿਹਾਸ ਰਚ ਚੁੱਕੀ ਭਾਰਤ ਦੀ ਆਲਰਾਊਂਡਰ ਹਰਮਨਪ੍ਰੀਤ ਕੌਰ ਹੁਣ ਇੰਗਲੈਂਡ 'ਚ ਟਵੰਟੀ-20 ਲੀਗ ਕੀਆ ਸੁਪਰ ਲੀਗ 'ਚ ਵੀ ਖੇਡਦੀ ਨਜ਼ਰ ਆਵੇਗੀ। ਕੀਆ ਸੁਪਰ ਲੀਗ ਦਾ ਆਯੋਜਨ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ.ਸੀ.ਬੀ.) ਕਰਦਾ ਹੈ। ਹਰਮਨਪ੍ਰੀਤ 10 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਲੀਗ 'ਚ ਸਰੇ ਸਟਾਰਸ ਦੀ ਨੁਮਾਇੰਦਗੀ ਕਰੇਗੀ।
ਕੀਆ ਸੁਪਰ ਲੀਗ 'ਚ 6 ਟੀਮਾਂ ਹਿੱਸਾ ਲੈਣਗੀਆਂ ਅਤੇ ਲੀਗ ਪੜਾਅ 'ਚ ਹਰ ਟੀਮ ਇਕ ਦੂਜੇ ਨਾਲ ਖੇਡੇਗੀ। ਲੀਗ ਪੜਾਅ 'ਚ ਚੋਟੀ 'ਤੇ ਰਹਿਣ ਵਾਲੀ ਟੀਮ ਫਾਈਨਲ 'ਚ ਜਗ੍ਹਾ ਬਣਾਵੇਗੀ ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਫਾਈਨਲ 'ਚ ਪਹੁੰਚਣ ਦੇ ਲਈ ਮੁਕਾਬਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਹਮਲਾਵਰ ਬੱਲੇਬਾਜ਼ ਅਤੇ ਉਪਯੋਗੀ ਸਪਿਨਰ ਦੇ ਤੌਰ 'ਤੇ ਖੇਡਣ ਵਾਲੀ ਹਰਮਨਪ੍ਰੀਤ ਪਿਛਲੇ ਸਾਲ ਆਸਟਰੇਲੀਆ ਮਹਿਲਾ ਬਿਗ ਬੈਸ਼ ਲੀਗ 'ਚ ਚੁਣੀ ਗਈ ਸੀ ਜਿੱਥੇ ਉਨ੍ਹਾਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਸਿਡਨੀ ਥੰਡਰਸ ਲਈ ਖੇਡਦੇ ਹੋਏ 28 ਸਾਲਾ ਹਰਮਨਪ੍ਰੀਤ ਨੇ 12 ਪਾਰੀਆਂ 'ਚ 59.20 ਦੀ ਔਸਤ ਨਾਲ 296 ਦੌੜਾਂ ਬਣਾਈਆਂ ਸਨ ਅਤੇ ਗੇਂਦਬਾਜ਼ੀ 'ਚ 6 ਵਿਕਟਾਂ ਵੀ ਝਟਕਾਈਆਂ ਸਨ।


Related News