ਆਸਟ੍ਰੇਲੀਆ ਦੀ ਟੱਕਰ ਨਾਮੀਬੀਆ ਨਾਲ, ਨਜ਼ਰਾਂ ਸੁਪਰ-8 ’ਤੇ
Tuesday, Jun 11, 2024 - 06:57 PM (IST)
ਨਾਰਥ ਸਾਊਂਡ (ਏਂਟੀਗਾ), (ਭਾਸ਼ਾ)– ਲਗਾਤਾਰ ਦੋ ਜਿੱਤਾਂ ਨਾਲ ਆਤਮਵਿਸ਼ਵਾਸ ਨਾਲ ਭਰੀ ਸਾਬਕਾ ਚੈਂਪੀਅਨ ਆਸਟ੍ਰੇਲੀਆ ਬੁੱਧਵਾਰ ਨੂੰ ਇੱਥੇ ਘੱਟ ਰੈਂਕਿੰਗ ਵਾਲੇ ਨਾਮੀਬੀਆ ਵਿਰੁੱਧ ਗਰੁੱਪ-ਬੀ ਮੁਕਾਬਲੇ ਵਿਚ ਉਤਰੇਗਾ ਤਾਂ ਉਸਦੀਆਂ ਨਜ਼ਰਾਂ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-8 ਵਿਚ ਜਗ੍ਹਾ ਪੱਕੀ ਕਰਨ ’ਤੇ ਟਿੱਕੀਆਂ ਹੋਣਗੀਆਂ। ਆਸਟ੍ਰੇਲੀਆ ਨੇ ਇਕਜੁਟ ਹੋ ਕੇ ਪ੍ਰਦਰਸ਼ਨ ਕੀਤਾ ਹੈ ਤੇ ਮੌਜੂਦਾ ਟੂਰਨਾਮੈਂਟ ਵਿਚ 200 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਇਕਲੌਤੀ ਟੀਮ ਹੈ। ਟੀਮ ਨੇ ਪੁਰਾਣੇ ਵਿਰੋਧੀ ਇੰਗਲੈਂਡ ਵਿਰੁੱਧ ਪਿਛਲੇ ਲੀਗ ਮੈਚ ਵਿਚ 36 ਦੌੜਾਂ ਦੀ ਜਿੱਤ ਦੌਰਾਨ ਇਹ ਉਪਲੱਬਧੀ ਹਾਸਲ ਕੀਤੀ ਸੀ।
ਓਮਾਨ ਨੂੰ 39 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਆਸਟ੍ਰੇਲੀਆ ਟੀਮ ਦੇ ਦੋ ਮੈਚਾਂ ਵਿਚੋਂ ਦੋ ਜਿੱਤਾਂ ਨਾਲ ਚਾਰ ਅੰਕ ਹਨ। ਸਕਾਟਲੈਂਡ ਦੀ ਟੀਮ ਤਿੰਨ ਮੈਚਾਂ ਵਿਚੋਂ 5 ਅੰਕਾਂ ਨਾਲ ਚੋਟੀ ’ਤੇ ਹੈ। ਨਾਮੀਬੀਆ ਨੂੰ ਹਰਾ ਕੇ ਆਸਟ੍ਰੇਲੀਆ ਦੀ ਸੁਪਰ-8 ਵਿਚ ਜਗ੍ਹਾ ਪੱਕੀ ਹੋ ਜਾਵੇਗੀ, ਜਿਸ ਤੋਂ ਬਾਅਦ ਟੀਮ ਸਕਾਟਲੈਂਡ ਵਿਰੁੱਧ ਗਰੁੱਪ-ਬੀ ਦਾ ਆਪਣਾ ਆਖਰੀ ਮੈਚ ਖੇਡੇਗੀ।
ਨਾਮੀਬੀਆ ਨੂੰ ਉਮੀਦ ਹੋਵੇਗੀ ਕਿ ਓਮਾਨ ਵਿਰੁੱਧ ਸੁਪਰ ਓਵਰ ਵਿਚ ਜਿੱਤ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤਜਰਬੇਕਾਰ ਆਲਰਾਊਂਡਰ ਡੇਵਿਡ ਵੀਸੇ ਇਕ ਵਾਰ ਫਿਰ ਚੰਗਾ ਪ੍ਰਦਰਸ਼ਨ ਕਰੇਗਾ। ਇਹ ਆਲਰਾਊਂਡਰ ਦੱਖਣੀ ਅਫਰੀਕਾ ਵੱਲੋਂ ਖੇਡਦੇ ਹੋਏ ਟੀ-20 ਕੌਮਾਂਤਰੀ ਮੈਚਾਂ ਵਿਚ ਚਾਰ ਵਾਰ ਆਸਟ੍ਰੇਲੀਆ ਦਾ ਸਾਹਮਣਾ ਕਰ ਚੁੱਕਾ ਹੈ। ਹੁਣ ਤਕ ਟੂਰਨਾਮੈਂਟ ਵਿਚ ਆਪਣੇ 8 ਓਵਰਾਂ ਵਿਚ ਸਿਰਫ ਇਕ ਛੱਕਾ ਤੇ ਇਕ ਚੌਕਾ ਖਾਣ ਵਾਲੇ ਖੱਬੇ ਹੱਥ ਦੇ ਸਪਿਨਰ ਬਰਨਾਰਡ ਸ਼ਕੇਲਟਜ ਤੋਂ ਵੀ ਟੀਮ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।