ਬਠਿੰਡਾ ਪੁਲਸ ਦਾ 3 ਰੋਜ਼ਾ ''ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ'' ਖ਼ਤਮ

06/24/2024 12:54:47 PM

ਬਠਿੰਡਾ (ਵਿਜੇ ਵਰਮਾ) : ਬਠਿੰਡਾ ਪੁਲਸ ਵੱਲੋਂ ਤਿੰਨ ਰੋਜ਼ਾ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਈ ਗਈ, ਜਿਸ 'ਚ 16 ਕ੍ਰਿਕਟ ਟੀਮਾਂ ਨੇ ਹਿੱਸਾ ਲਿਆ। 21 ਜੂਨ ਤੋਂ 23 ਜੂਨ ਤੱਕ ਚੱਲੇ ਇਸ ਟੂਰਨਾਮੈਂਟ 'ਚ ਜਿੱਥੇ ਖਿਡਾਰੀਆਂ ਵੱਲੋਂ ਕ੍ਰਿਕਟ ਖੇਡਿਆ ਗਿਆ, ਉੱਥੇ ਹੀ ਵੱਖ-ਵੱਖ ਨਸ਼ਾ ਛੱਡ ਚੁੱਕੇ ਨੌਜਵਾਨਾਂ ਵੱਲੋਂ ਸਟੇਜ ਰਾਹੀਂ ਅਪੀਲ ਵੀ ਕੀਤੀ ਗਈ ਕਿ ਸਾਨੂੰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਣਾ ਚਾਹੀਦਾ। ਇਹ ਉਦੋਂ ਹੋਵੇਗਾ, ਜਦੋਂ ਅਸੀਂ ਸਾਰੇ ਮਿਲ-ਜੁਲ ਕੇ ਇਸ ਭੈੜੀ ਲਾਹਣਤ ਨੂੰ ਦੂਰ ਕਰਨ ਲਈ ਇਕੱਠੇ ਹੋਵਾਂਗੇ। ਸਾਨੂੰ ਨਸ਼ੇ ਛੱਡ ਕੇ ਗਰਾਊਂਡਾਂ ਵੱਲ ਆਉਣਾ ਚਾਹੀਦਾ ਹੈ। ਇਸ ਲੀਗ 'ਚ ਜਿਮਨਾਸਟਿਕ, ਭੰਗੜਾ, ਗਾਇਕੀ ਅਤੇ ਕੋਰਿਓਗ੍ਰਾਫੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। 

ਐੱਸ. ਐੱਸ. ਪੀ. ਦੀਪਕ ਪਾਰੀਕ ਬਠਿੰਡਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬਠਿੰਡਾ ਪੁਲਸ ਵੱਲੋਂ ਮਿਤੀ 21.6.2024 ਤੋਂ ਮਿਤੀ 23.6.2024 ਨੂੰ ਤਿੰਨ ਦਿਨਾਂ 'ਐਂਟੀ ਡਰੱਗ ਕ੍ਰਿਕਟ ਲੀਗ' ਦੇ ਪਹਿਲੇ ਦਿਨ ਕੁੱਲ 8 ਮੈਚ ਕਰਵਾਏ ਗਏ। ਇਨ੍ਹਾਂ ਵਿੱਚੋਂ 4 ਟੀਮਾਂ ਨੇ ਅੱਗੇ ਸੈਮੀਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਬਣਾਈ। ਦੂਜੇ ਦਿਨ ਸੈਮੀਨਲ ਫਾਈਨਲ ਵਿੱਚ 2 ਮੈਚ ਕਰਵਾਏ ਗਏ, ਜਿਨ੍ਹਾਂ ਵਿੱਚੋਂ 2 ਟੀਮਾਂ ਨੇ ਅੱਗੇ ਫਾਈਨਲ ਲਈ ਆਪਣੀ ਜਗ੍ਹਾ ਬਣਾਈ। ਫਾਈਨਲ ਮੈਚ ਮਨੋਜ ਗਿਰੀ ਅਤੇ ਕਰਮਗੜ੍ਹ ਛੱਤਰਾਂ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਨ੍ਹਾਂ ਵਿੱਚੋਂ ਮਨੋਜ ਗਿਰੀ ਟੀਮ ਜੇਤੂ ਰਹੀ ਅਤੇ ਕਰਮਗੜ੍ਹ ਛੱਤਰਾਂ ਟੀਮ ਦੂਜੇ ਨੰਬਰ 'ਤੇ ਰਹੀ। ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 11000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ।

ਕ੍ਰਿਕਟ ਟੀਮ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਬਠਿੰਡਾ ਪੁਲਸ ਵੱਲੋਂ ਨਸ਼ਾ ਮੁਕਤ ਪੰਜਾਬ ਤਹਿਤ ਟੀ-ਸ਼ਰਟਾਂ ਵੀ ਵੰਡੀਆਂ ਗਈਆਂ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਆ ਗਿਆ। ਏ. ਡੀ. ਜੀ. ਪੀ. ਸੁਰਿੰਦਰ ਸਿੰਘ ਪਰਮਾਰ ਅਤੇ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਸਮਾਪਤੀ ਮੌਕੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਅਪੀਲ ਕੀਤੀ ਕਿ ਆਓ ਸਾਰੇ ਰਲ-ਮਿਲ ਕੇ ਇਸ ਨਸ਼ੇ ਦੀ ਲਾਹਣਤ ਨੂੰ ਪੰਜਾਬ 'ਚੋਂ ਦੂਰ ਕਰ ਸਕੀਏ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਗਰਾਊਂਡਾਂ 'ਚ ਖੇਡਣ ਲਈ ਆਉਣਾ ਚਾਹੀਦਾ ਹੈ, ਤਾਂ ਜੋ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅੱਜ ਇੱਥੇ ਹੀ ਸਮਾਪਤ ਨਹੀਂ ਹੋਏ, ਅੱਗੇ ਵੀ ਇਸੇ ਤਰ੍ਹਾਂ ਦੇ ਸਮਾਗਮ ਪੰਜਾਬ ਸਰਕਾਰ ਅਤੇ ਪੁਲਸ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੇ ਰਹਿਣਗੇ। ਅਖ਼ੀਰ 'ਚ ਪੁਲਸ ਅਤੇ ਨੌਜਵਾਨਾਂ ਵੱਲੋਂ ਜਿੱਥੇ ਗਾਇਕੀ ਦਾ ਲੁਤਫ਼ ਲਿਆ ਗਿਆ, ਉੱਥੇ ਹੀ ਭੰਗੜਾ ਪਾ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।  ਇਸ ਸਮਾਗਮ 'ਚ ਸ਼ਹਿਰ ਦੀਆਂ ਨਾਮੀ ਹਸਤੀਆਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਡਾਕਟਰ, ਖਿਡਾਰੀ ਅਤੇ ਸਮਾਜ ਸੇਵੀ ਆਦਿ ਸ਼ਾਮਲ ਸਨ।


Babita

Content Editor

Related News