ਵਿਸ਼ਵ ਟੀ-20 ਵਿਵਾਦ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦੀ ਸੀ ਹਰਮਨਪ੍ਰੀਤ

05/25/2019 12:08:00 AM

ਨਵੀਂ ਦਿੱਲੀ- ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਖੁਲਾਸਾ ਕੀਤਾ ਹੈ ਕਿ ਵੈਸਟਇੰਡੀਜ਼ ਵਿਚ ਵਿਸ਼ਵ ਟੀ-20 ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਉਹ ਖੇਡ ਤੋਂ ਅਨਿਸ਼ਚਿਤ ਬ੍ਰੇਕ ਲੈਣਾ ਚਾਹੁੰਦੀ ਸੀ। ਟੀਮ ਮੈਨੇਜਮੈਂਟ ਤੇ ਹਰਮਨਪ੍ਰੀਤ ਨੇ ਉਪ ਜੇਤੂ ਰਹੀ ਇੰਗਲੈਂਡ ਵਿਰੁੱਧ ਆਪਣੀ ਸੀਨੀਅਰ ਖਿਡਾਰਨ ਮਿਤਾਲੀ ਰਾਜ ਨੂੰ ਆਖਰੀ-11 ਤੋਂ ਬਾਹਰ ਕਰਨ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਕਾਫੀ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਕੋਚ ਰਮੇਸ਼ ਪੋਵਾਰ ਨੂੰ ਵੀ ਬਾਹਰ ਕਰ ਦਿੱਤਾ ਗਿਆ ਸੀ।
ਹਰਮਨਪ੍ਰੀਤ ਵਿਸ਼ਵ ਟੀ-20 ਤੋਂ ਬਾਅਦ ਨਵੰਬਰ ਵਿਚ ਮਹਿਲਾਵਾਂ ਦੀ ਬਿੱਗ ਬੈਸ਼ ਲੀਗ ਵਿਚ ਖੇਡੀ ਸੀ ਪਰ ਵਤਨ ਵਿਚ ਟੀਮ 'ਚ ਹੋ ਰਹੀ ਹਲਚਲ ਤੇ ਉਸਦੇ ਵਨ ਡੇ ਕਪਤਾਨ ਮਿਤਾਲੀ ਰਾਜ ਨਾਲ ਵਿਗੜੇ ਰਿਸ਼ਤਿਆਂ ਨਾਲ ਚੀਜ਼ਾਂ ਹੋਰ ਖਰਾਬ ਹੋ ਗਈਆਂ। ਉਹ ਇਨ੍ਹਾਂ ਚੀਜ਼ਾਂ ਤੋਂ ਪ੍ਰੇਸ਼ਾਨ ਹੋ ਗਈ ਸੀ ਤੇ ਨਵੇਂ ਕੋਚ ਡਬਲਯੂ. ਵੀ. ਰਮਨ ਦੀ ਕੋਚਿੰਗ ਵਿਚ ਨਿਊਜ਼ੀਲੈਂਡ ਦਾ ਦੌਰਾ ਸ਼ੁਰੂ ਹੋਇਆ। ਫਿਰ ਹਰਮਨਪ੍ਰੀਤ ਦੇ ਗੋਡੇ ਵਿਚ ਸੱਟ ਲੱਗ ਗਈ, ਜਿਸ ਤੋਂ ਉਸ ਨੂੰ ਜ਼ਰੂਰੀ ਬ੍ਰੇਕ ਮਿਲ ਗਈ।
ਹਰਮਨਪ੍ਰੀਤ ਨੇ ਕਿਹਾ, ''ਸੱਟ ਨੇ ਮੈਨੂੰ ਕੌਮਾਂਤਰੀ ਕ੍ਰਿਕਟ ਤੇ ਭਾਰਤੀ ਡ੍ਰੈਸਿੰਗ ਰੂਮ ਵਿਚੋਂ ਜ਼ਰੂਰੀ ਬ੍ਰੇਕ ਦਿਵਾ ਦਿੱਤੀ। ਮੈਂ ਆਪਣਾ ਪੂਰਾ ਮਨ ਬਣਾ ਲਿਆ ਸੀ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਦੱਸਾਂਗੀ ਕਿ ਮੈਂ ਬ੍ਰੇਕ ਲੈਣਾ ਚਾਹੁੰਦੀ ਸੀ।''
ਉਸ ਨੇ ਕਿਹਾ, ''ਮੈਂ ਕ੍ਰਿਕਟ ਤੋਂ ਦੂਰ ਜਾਣਾ ਚਾਹੁੰਦੀ ਸੀ। ਟੀਮ ਨਾਲ ਜੋ ਹੋਇਆ ਤੇ ਕੁਝ ਚੀਜ਼ਾਂ ਅਜਿਹੀਆਂ ਕਹੀਆਂ ਗਈਆਂ, ਜਿਹੜੀਆਂ ਸੱਚਾਈ ਤੋਂ ਕੋਹਾਂ ਦੂਰ ਸੀ, ਜਿਸ ਕਾਰਨ ਮੈਂ ਇਨ੍ਹਾਂ ਸਭ ਤੋਂ ਦੂਰ ਭੱਜਣਾ ਚਾਹੁੰਦੀ ਸੀ। ਮੈਂ ਇੱਥੇ ਕ੍ਰਿਕਟ ਖੇਡਣ ਲਈ ਹਾਂ।''


Gurdeep Singh

Content Editor

Related News