ਹਰਮਨਪ੍ਰੀਤ ਦੇ 2 ਗੋਲ, ਭਾਰਤ ਨੇ ਸਪੇਨ ਨੂੰ 4-1 ਨਾਲ ਹਰਾਇਆ

02/11/2024 10:27:49 AM

ਭੁਵਨੇਸ਼ਵਰ– ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਮੈਚ ਵਿਚ ਸਪੇਨ ਨੂੰ 4-1 ਨਾਲ ਕਰਾਰੀ ਹਾਰ ਦਿੱਤੀ। ਹਰਮਨਪ੍ਰੀਤ ਨੇ 7ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਤੇ ਇਸ ਤੋਂ ਬਾਅਦ 20ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ’ਤੇ ਗੋਲ ਕੀਤਾ। ਆਪਣਾ 199ਵਾਂ ਮੈਚ ਖੇਡ ਰਹੇ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਆਪਣੇ ਗੋਲਾਂ ਦੀ ਗਿਣਤੀ 150 ’ਤੇ ਪਹੁੰਚਾ ਦਿੱਤੀ। ਜੁਗਰਾਜ ਸਿੰਘ ਨੇ ਵੀ ਚੰਗੀ ਖੇਡ ਦਿਖਾਈ ਤੇ ਉਸ ਨੇ 24ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਵਲੋਂ ਤੀਜਾ ਗੋਲ ਕੀਤਾ। ਲਲਿਤ ਕੁਮਾਰ ਉਪਾਧਿਆਏ ਨੇ 50ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਦੀ ਆਸਾਨ ਜਿੱਤ ਤੈਅ ਕੀਤੀ। ਸਪੇਨ ਵਲੋਂ ਇਕਲੌਤਾ ਗੋਲ 34ਵੇਂ ਮਿੰਟ ਵਿਚ ਮਾਰਕੇ ਮਿਰਾਲੇਸ ਨੇ ਪੈਨਲਟੀ ਸਟ੍ਰੋਕ ’ਤੇ ਕੀਤਾ। ਭਾਰਤ ਆਪਣਾ ਅਗਲਾ ਮੈਚ ਐਤਵਾਰ ਨੂੰ ਨੀਦਰਲੈਂਡ ਵਿਰੁੱਧ ਖੇਡੇਗਾ।


Aarti dhillon

Content Editor

Related News