8 ਦਿਨਾਂ ਦੀ ਬ੍ਰੇਕ ਦੇ ਬਾਅਦ ਲੈਅ ਹਾਸਲ ਕਰਨ ‘ਚ ਲੱਗ ਸਕਦੈ ਸਮਾਂ : ਹਰਮਨਪ੍ਰੀਤ
Sunday, Mar 08, 2020 - 09:25 AM (IST)
ਮੈਲਬੋਰਨ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੀ ਟੀਮ ਬਾਰੇ ਕਿਹਾ ਕਿ ਅੱਠ ਦਿਨ ਦੀ ਬ੍ਰੇਕ ਤੋਂ ਬਾਅਦ ਟੀਮ ਨੂੰ ਐਤਵਾਰ ਨੂੰ ਹੋਣ ਵਾਲੇ ਮਹਿਲਾ ਟੀ-20 ਵਰਲਡ ਕ੍ਪ ਫਾਈਨਲ ਵਿਚ ਲੈਅ ਹਾਸਲ ਕਰਨ ‘ਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ। ਭਾਰਤ ਨੇ ਤਕਰੀਬਨ ਇਕ ਹਫ਼ਤੇ ਤੋਂ ਮੈਦਾਨ ‘ਚ ਕਦਮ ਨਹੀਂ ਰੱਖਿਆ ਹੈ। ਉਸ ਨੂੰ ਪਿਛਲੇ ਸ਼ਨੀਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਆਸਾਨ ਜਿੱਤ ਮਿਲੀ ਸੀ ਪਰ ਇਸ ਤੋਂ ਬਾਅਦ ਸੈਮੀਫਾਈਨਲ ਬਾਰਿਸ਼ ਕਾਰਨ ਰੱਦ ਹੋ ਗਿਆ ਸੀ।
ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਜ਼ਿਆਦਾ ਬਾਹਰ ਨਹੀਂ ਨਿਕਲੇ ਤੇ ਨਾ ਹੀ ਅਸੀਂ ਇੰਗਲੈਂਡ ਖ਼ਿਲਾਫ਼ ਅਹਿਮ ਮੈਚ ਖੇਡਿਆ। ਅਸੀਂ ਸਾਰੇ ਸੰਪਰਕ ਵਿਚ ਸੀ ਤੇ ਇੰਡੋਰ ਅਭਿਆਸ ਕਰ ਰਹੇ ਸੀ ਪਰ ਇਸ ਨਾਲ ਤੁਹਾਨੂੰ ਪੂਰਾ ਆਤਮਵਿਸ਼ਵਾਸ ਨਹੀਂ ਮਿਲਦਾ ਹੈ ਕਿਉਂਕਿ ਵਿਕਟ ਪੂਰੀ ਤਰ੍ਹਾਂ ਵੱਖ ਹੁੰਦੀ ਹੈ। ਹਰ ਕੋਈ ਚੰਗੀ ਲੈਅ ਵਿਚ ਹੈ ਤੇ ਅਸੀਂ ਸੋਚ ਰਹੇ ਹਾਂ ਕਿ ਉਹ ਟੀਮ ਲਈ ਕੀ ਕਰ ਸਕਦੇ ਹਾਂ। ਭਾਰਤ ਨੇ ਅਜੇ ਤਕ ਚਾਰ ਮੈਚਾਂ ਵਿਚ ਪਹਿਲਾਂ ਬੱਲੇਬਾਜ਼ੀ ਕੀਤੀ ਹੈ ਇਸ ਲਈ ਟੀਚੇ ਦਾ ਪਿੱਛਾ ਕਰਨਾ ਉਨ੍ਹਾਂ ਲਈ ਮੁਸ਼ਕਲ ਹੋ ਸਕਦਾ ਹੈ।
ਹਾਲਾਂਕਿ ਵਿਸ਼ਵ ਕੱਪ ਤੋਂ ਪਹਿਲਾਂ ਖੇਡੀ ਗਈ ਤਿਕੋਣੀ ਸੀਰੀਜ਼ ਵਿਚ ਭਾਰਤ ਨੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਹਰਮਨਪ੍ਰੀਤ ਕੌਰ ਨੇ ਕਿਹਾ ਅਸੀਂ ਇਸ ਮੈਚ ਨੂੰ ਲੈ ਕੇ ਸਕਾਰਾਤਮਕ ਹਾਂ। ਇਹ ਸੋਚਣਾ ਕਿ ਉਥੇ ਰਹਿ ਕੇ ਸਾਨੂੰ ਕੀ ਪਰੇਸ਼ਾਨੀ ਆ ਸਕਦੀ ਹੈ ਇਸ ਦੀ ਬਜਾਏ ਸਾਨੂੰ ਖੇਡ ਦਾ ਮਜ਼ਾ ਲੈਣਾ ਚਾਹੀਦਾ ਹੈ ਤੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਚੀਜ਼ ਸਾਨੂੰ ਆਪਣੇ ਦਿਮਾਗ਼ ਵਿਚ ਰੱਖਣੀ ਪਵੇਗੀ। ਐਤਵਾਰ ਦਾ ਦਿਨ ਨਵਾਂ ਹੈ ਅਤੇ ਅਸੀਂ ਨਵੀਂ ਸ਼ੁਰੂਆਤ ਕਰਨੀ ਹੈ। ਅਸੀਂ ਪਹਿਲੀ ਗੇਂਦ ਤੋਂ ਸ਼ੁਰੂ ਕਰਨਾ ਹੈ। ਸੱਜੇ ਹੱਥ ਦੀ ਇਸ ਬੱਲੇਬਾਜ਼ ਨੇ ਕਿਹਾ ਕਿ ਅਸੀਂ ਲੀਗ ਮੈਚਾਂ ਵਿਚ ਚੰਗਾ ਕੀਤਾ ਤੇ ਦੋਵੇਂ ਟੀਮਾਂ ਜਿੱਤਣ ਦਾ ਦਮ ਰੱਖਦੀਆਂ ਹਨ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਇੰਗਲੈਂਡ ਦੇ ਇਸ ਖਿਡਾਰੀ ਨੇ ਖੇਡਣ ਤੋਂ ਕੀਤਾ ਮਨ੍ਹਾਂ