ਅੱਜ ਦੇ ਦਿਨ ਵਿਸ਼ਵ ਕੱਪ 'ਚ ਹਰਮਨਪ੍ਰੀਤ ਕੌਰ ਨੇ ਖੇਡੀ ਸੀ 171 ਦੌੜਾਂ ਦੀ ਧਮਾਕੇਦਾਰ ਪਾਰੀ
Monday, Jul 20, 2020 - 10:18 PM (IST)
ਨਵੀਂ ਦਿੱਲੀ– ਆਸਟਰੇਲੀਆ ਵਿਰੁੱਧ 2017 ਦੇ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਮੈਚ ਵਿਚ ਜਦੋਂ ਹਰਮਨਪ੍ਰੀਤ ਕੌਰ ਉੱਤਰੀ ਸੀ ਤਾਂ ਉਸਦੇ ਦਿਮਾਗ ਵਿਚ ਮੈਚ ਹਾਲਾਤ ਦੀ ਬਜਾਏ ਆਪਣੇ ਕ੍ਰਿਕਟ ਸਫਰ ਦੀਆਂ ਗੱਲਾਂ ਚੱਲ ਰਹੀਆਂ ਸਨ। ਹਰਮਨਪ੍ਰੀਤ ਨੇ ਇਸ ਮੈਚ ਵਿਚ ਸਿਰਫ 115 ਗੇਂਦਾਂ 'ਤੇ 20 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 171 ਦੌੜਾਂ ਬਣਾਈਆਂ ਸਨ। ਉਸਦੀ ਇਸ ਪਾਰੀ ਤੋਂ ਬਾਅਦ ਉਸਦੀ ਕਪਿਲ ਦੇਵ ਨਾਲ ਤੁਲਨਾ ਹੋਣ ਲੱਗੀ ਸੀ। ਰਿਕਾਰਡ ਪਾਰੀ ਦੇ 3 ਸਾਲ ਬਾਅਦ ਆਖਿਰਕਾਰ ਹਰਮਨਪ੍ਰੀਤ ਨੇ ਦੱਸਿਆ ਕਿ ਆਖਿਰ ਉਹ ਉਸ ਦਿਨ ਕਿਸ ਮਾਨਸਿਕਤਾ ਨਾਲ ਮੈਦਾਨ 'ਤੇ ਉਤਰੀ ਸੀ। ਇਕ ਵੈੱਬਸਾਇਟ ਨਾਲ ਗੱਲਬਾਤ ਦੌਰਾਨ ਹਰਮਨਪ੍ਰੀਤ ਨੇ ਕਿਹਾ,''ਉਸ ਦਿਨ ਮੇਰੀ ਮਾਨਸਕਿਤਾ ਵੱਖਰੀ ਹੀ ਸੀ। ਮੈਂ ਕਈ ਕੌਮਾਂਤਰੀ ਮੈਚ ਖੇਡੇ ਹਨ ਪਰ ਮੈਂ ਜਿਸ ਮਾਨਸਿਕਤਾ ਨਾਲ ਉਸ ਮੈਚ ਵਿਚ ਉਤਰੀ ਸੀ, ਕਾਸ਼! ਮੈਂ ਹਰ ਮੈਚ ਵਿਚ ਉਤਰਦੀ। ਇਮਾਨਦਾਰੀ ਨਾਲ ਕਹਾਂ ਤਾਂ ਮੈਚ ਤੋਂ ਪਹਿਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਹਾਲਾਤ ਦੇ ਬਾਰੇ ਵਿਚ ਸੋਚ ਰਹੇ ਸੀ। ਉਸ ਦਿਨ ਮੈਂ ਆਪਣੇ ਕ੍ਰਿਕਟ ਸਫਰ ਨੂੰ ਯਾਦ ਕਰ ਰਹੀ ਸੀ ਕਿ ਮੇਰੀ ਸ਼ੁਰੂਆਤ ਕਿਵੇਂ ਹੋਈ। ਇਹ ਇਕ ਵੱਖਰੀ ਤਰ੍ਹਾਂ ਦਾ ਅਹਿਸਾਸ ਸੀ। ਮੈਂ ਸਿਰਫ ਖੁੱਲ੍ਹ ਕੇ ਖੇਡਣਾ ਚਾਹੁੰਦੀ ਸੀ।''
ਹਰਮਨਪ੍ਰੀਤ ਨੇ ਕਿਹਾ, ''ਮੈਂ ਮਿਤਾਲੀ ਦੇ ਨਾਲ ਬੱਲੇਬਾਜ਼ੀ ਕਰ ਰਹੀ ਸੀ। ਅਸੀਂ ਵਾਰ-ਵਾਰ ਸਕੋਰ ਬੋਰਡ ਦੇਖ ਰਹੇ ਸੀ। ਸੋਚ ਰਹੇ ਸੀ ਕਿ ਸਾਡੇ ਕੋਲ ਲੋੜੀਦੀਆਂ ਦੌੜਾਂ ਨਹੀਂ ਹਨ। ਸਾਨੂੰ ਪਤਾ ਸੀ ਕਿ ਆਸਟਰੇਲੀਆ ਦੀ ਟੀਮ ਕੋਲ ਨੰਬਰ-9 ਤਕ ਬੱਲੇਬਾਜ਼ੀ ਹੈ। ਇੱਥੋਂ ਤਕ ਕਿ ਨੰਬਰ-9 ਦੀ ਬੱਲੇਬਾਜ਼ ਵੀ 100 ਦੌੜਾਂ ਬਣਾ ਸਕਦੀ ਸੀ। ਮੈਂ ਮਿਤਾਲੀ ਨੂੰ ਕਿਹਾ ਕਿ ਜੇਕਰ ਅਸੀਂ 200-250 ਦੌੜਾਂ ਵੀ ਬਣਾਵਾਂਗੇ ਤਾਂ ਵੀ ਜਿੱਤ ਨਹੀਂ ਸਕਾਂਗੇ। ਮੈਂ ਖੁੱਲ੍ਹ ਕੇ ਬੱਲੇਬਾਜ਼ੀ ਕਰਨ ਦੇ ਮੂਡ ਵਿਚ ਸੀ। ਮਿਤਾਲੀ ਮੁਸਕਰਾਈ ਤੇ ਉਸ ਨੇ ਕਿਹਾ ਕਿ ਦੇਖੋ ਇਹ ਅਜੇ ਜ਼ੋਖਿਮ ਭਰਿਆ ਹੈ, ਇਹ ਸਿਰਫ 16ਵਾਂ ਓਵਰ ਹੈ। ਅਜੇ ਸਮਾਂ ਹੈ ਪਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਖੇਡਣ ਦਿਓ, ਅਸੀਂ ਦੇਖਾਂਗੇ। ਇਕ ਵਾਰ ਜਦੋਂ ਮੈਨੂੰ ਮੌਕਾ ਮਿਲ ਗਿਆ ਤਾਂ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ।''