ਸ਼੍ਰੀਲੰਕਾ ਮੈਚ ਲਈ ਹਰਮਨਪ੍ਰੀਤ ਫਿੱਟ, ਹਾਲਾਤ ਉਮੀਦਾਂ ਤੋਂ ਵੱਖਰੇ : ਸਮ੍ਰਿਤੀ ਮੰਧਾਨਾ
Wednesday, Oct 09, 2024 - 01:06 PM (IST)
ਦੁਬਈ— ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਮੰਗਲਵਾਰ ਨੂੰ ਕਿਹਾ ਕਿ ਕਪਤਾਨ ਹਰਮਨਪ੍ਰੀਤ ਕੌਰ ਮਹਿਲਾ ਟੀ-20 ਵਿਸ਼ਵ ਕੱਪ 'ਚ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਅਗਲੇ ਮੈਚ ਲਈ ਫਿੱਟ ਹੈ। ਪਾਕਿਸਤਾਨ ਖ਼ਿਲਾਫ਼ ਪਿਛਲੇ ਮੈਚ ਵਿੱਚ ਗਰਦਨ ਦੀ ਸਮੱਸਿਆ ਕਾਰਨ ਹਰਮਨਪ੍ਰੀਤ ਨੂੰ ‘ਰਿਟਾਇਰਡ ਹਰਟ’ ਕੀਤਾ ਗਿਆ ਸੀ। ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਪਰ ਨਿਊਜ਼ੀਲੈਂਡ ਤੋਂ ਪਹਿਲਾ ਮੈਚ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਛੇਤੀ ਬਾਹਰ ਹੋਣ ਦਾ ਖ਼ਤਰਾ ਹੈ। ਮੰਧਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਮਨ ਠੀਕ ਹੈ ਅਤੇ ਕੱਲ੍ਹ ਦਾ ਮੈਚ ਖੇਡੇਗੀ। ਪਾਕਿਸਤਾਨ ਦੇ ਖਿਲਾਫ ਨਾ ਖੇਡਣ ਵਾਲੀ ਹਰਫਨਮੌਲਾ ਪੂਜਾ ਵਸਤਰਕਾਰ ਦੀ ਫਿਟਨੈੱਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।
ਮੰਧਾਨਾ ਨੇ ਦੱਸਿਆ ਕਿ ਪੂਜਾ 'ਤੇ ਮੈਡੀਕਲ ਟੀਮ ਕੰਮ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਭਲਕੇ ਹੀ ਮਿਲ ਸਕੇਗੀ। ਮੰਧਾਨਾ ਹੁਣ ਤੱਕ ਟੂਰਨਾਮੈਂਟ 'ਚ ਉਮੀਦ ਮੁਤਾਬਕ ਨਹੀਂ ਖੇਡ ਸਕੀ ਹੈ। ਭਾਰਤ ਨੂੰ ਹੁਣ ਸ਼੍ਰੀਲੰਕਾ ਨਾਲ ਭਿੜਨਾ ਹੈ, ਜਿਸ ਨੇ ਉਸ ਨੂੰ ਏਸ਼ੀਆ ਕੱਪ ਫਾਈਨਲ 'ਚ ਹਰਾਇਆ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ ਖਿਲਾਫ ਮੈਚ ਅਜੇ ਬਾਕੀ ਹੈ। ਮੰਧਾਨਾ ਨੇ ਕਿਹਾ ਕਿ ਇੱਥੇ ਸਥਿਤੀ ਉਸ ਤੋਂ ਬਹੁਤ ਵੱਖਰੀ ਹੈ ਜੋ ਅਸੀਂ ਸੋਚਿਆ ਸੀ। ਅਸੀਂ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੱਲੇਬਾਜ਼ਾਂ ਨੂੰ ਸਮਝਦਾਰੀ ਨਾਲ ਖੇਡਣਾ ਹੋਵੇਗਾ।