ਹਰਮਨਪ੍ਰੀਤ ਤੇ ਸ਼੍ਰੀਜੇਸ਼ FIH ਹਾਕੀ ਸਾਲਾਨਾ ਐਵਾਰਡ ਦੀ ਦੌੜ ’ਚ

Wednesday, Sep 18, 2024 - 10:10 AM (IST)

ਹਰਮਨਪ੍ਰੀਤ ਤੇ ਸ਼੍ਰੀਜੇਸ਼ FIH ਹਾਕੀ ਸਾਲਾਨਾ ਐਵਾਰਡ ਦੀ ਦੌੜ ’ਚ

ਲੁਸਾਨੇ– ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਐੱਫ. ਆਈ. ਐੱਚ. (ਕੌਮਾਂਤਰੀ ਹਾਕੀ ਸੰਘ) ਵੱਲੋਂ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ ਜਦਕਿ ਧਾਕੜ ਪੀ. ਆਰ. ਸ਼੍ਰੀਜੇਸ਼ ਸਾਲ ਦੇ ਸਰਵਸ੍ਰੇਸ਼ਠ ਗੋਲਕੀਪਰ ਦੇ ਸਨਮਾਨ ਦਾ ਦਾਅਵੇਦਾਰ ਹੋਵੇਗਾ। ਹਰਮਨਪ੍ਰੀਤ ਤੇ ਸ਼੍ਰੀਜੇਸ਼ ਦੋਵਾਂ ਨੇ ਪੈਰਿਸ ਓਲੰਪਿਕ ਵਿਚ ਭਾਰਤ ਦੀ ਸ਼ਾਨਦਾਰ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਜਿੱਥੇ ਟੀਮ ਨੇ ਕਾਂਸੀ ਤਮਗਾ ਜਿੱਤਿਆ ਸੀ। ਕਪਤਾਨ ਹਰਮਨਪ੍ਰੀਤ ਨੇ 10 ਗੋਲਾਂ ਨਾਲ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ। ਉਹ ਇਸ ਓਲੰਪਿਕ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ ਸੀ। ਹਰਮਨਪ੍ਰੀਤ ਇਸ ਐਵਾਰਡ ਲਈ ਥਿਏਰੀ ਬ੍ਰਿੰਕਮੈਨ (ਨੀਦਰਲੈਂਡ), ਜੋਏਪ ਡੀ ਮੋਲ(ਨੀਦਰਲੈਂਡ), ਹੇਂਸ ਮੂਲਰ (ਜਰਮਨੀ) ਤੇ ਜੈਚ ਵਾਲੇਸ (ਇੰਗਲੈਂਡ) ਦੇ ਨਾਲ ਦੌੜ ਵਿਚ ਸ਼ਾਮਲ ਹੈ।
ਭਾਰਤ ਲਈ ਆਪਣੇ ਆਖਰੀ ਟੂਰਨਾਮੈਂਟ ਵਿਚ ਖੇਡਦੇ ਹੋਏ ਤਜਰਬੇਕਾਰ ਸ਼੍ਰੀਜੇਸ਼ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਗੋਲਕੀਪਿੰਗ ਕੀਤੀ। ਉਸ ਨੇ ਖਾਸ ਤੌਰ ’ਤੇ ਗ੍ਰੇਟ ਬ੍ਰਿਟੇਨ ਵਿਰੁੱਧ ਕੁਆਰਟਰ ਫਾਈਨਲ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ। ਇਸ ਮੈਚ ਦੇ ਦੂਜੇ ਕੁਆਰਟਰ ਵਿਚ ਭਾਰਤੀ ਟੀਮ 10 ਖਿਡਾਰੀਆਂ ਨਾਲ ਖੇਡ ਰਹੀ ਸੀ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ ਤੇ ਬਾਅਦ ਵਿਚ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ। ਸ਼੍ਰੀਜੇਸ਼ ਦਾ ਮੁਕਾਬਲਾ ਪਿਰਮਿਨ ਬਲੈਕ (ਨੀਦਰਲੈਂਡ), ਲੂਈਸ ਕੈਲਜਾਡੋ (ਸਪੇਨ), ਜੀਨ-ਪਾਲ ਡੈਨਬਰਗ (ਜਰਮਨੀ), ਟਾਮਸ ਸੈਂਟਿਆਗੋ (ਅਰਜਨਟੀਨਾ) ਨਾਲ ਹੈ।


author

Aarti dhillon

Content Editor

Related News