CWG 2022 : ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ, ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ
Tuesday, Aug 02, 2022 - 01:52 PM (IST)
ਬਰਮਿੰਘਮ (ਏਜੰਸੀ)- ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਭਾਰਤੀ ਅਥਲੀਟਾਂ ਦੇ ਸ਼ਾਨਦਾਰ ਸਫ਼ਰ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਸ਼ਹਿਰ ਨਾਭਾ ਦੀ ਵੇਟਲਿਫਟਰ ਹਰਜਿੰਦਰ ਕੌਰ ਨੇ ਸੋਮਵਾਰ ਨੂੰ ਇੱਥੇ ਔਰਤਾਂ ਦੇ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹਰਜਿੰਦਰ ਨੇ ਸਨੈਚ ਵਿੱਚ 93 ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਕੁੱਲ 212 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸ ਈਵੈਂਟ ਦਾ ਸੋਨ ਤਮਗਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ, ਜਦਕਿ ਚਾਂਦੀ ਦਾ ਤਮਗਾ ਕੈਨੇਡਾ ਦੀ ਐਲੇਕਸਿਸ ਐਸ਼ਵਰਥ ਨੇ ਜਿੱਤਿਆ।
ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ 2022: ਜੂਡੋ 'ਚ ਸੁਸ਼ੀਲਾ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗਾ
ਸਨੈਚ ਵਿੱਚ ਹਰਜਿੰਦਰ ਦੀ 90 ਕਿਲੋਗ੍ਰਾਮ ਦੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਪਰ ਦੂਜੀ ਕੋਸ਼ਿਸ਼ ਵਿੱਚ ਸਫ਼ਲਤਾਪੂਰਵਕ ਇਸ ਨੂੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਤੀਜੀ ਕੋਸ਼ਿਸ਼ ਵਿੱਚ 93 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਲੀਨ ਐਂਡ ਜਰਕ ਵਿਚ 113, 116 ਅਤੇ ਫਿਰ 119 ਕਿਲੋਗ੍ਰਾਮ ਭਾਰ ਨੂੰ ਸਫ਼ਲਤਾਪੂਰਵਕ ਚੁੱਕਿਆ। ਇਸ ਈਵੈਂਟ 'ਚ ਸਾਰਾਹ ਨੇ ਇਨ੍ਹਾਂ ਖੇਡਾਂ 'ਚ ਤਿੰਨ ਨਵੇਂ ਰਿਕਾਰਡ ਬਣਾਏ। ਉਨ੍ਹਾਂ ਨੇ ਸਨੈਚ ਵਿੱਚ 103 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 126 ਕਿਲੋਗ੍ਰਾਮ ਤੋਂ ਇਲਾਵਾ ਕੁੱਲ 229 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਰਿਕਾਰਡ ਬਣਾਇਆ। ਐਸ਼ਵਰਥ ਨੇ ਕੁੱਲ 214 (91 ਕਿਲੋਗ੍ਰਾਮ ਅਤੇ 123 ਕਿਲੋਗ੍ਰਾਮ) ਦਾ ਕੁੱਲ ਭਾਰ ਚੁੱਕਿਆ।
ਇਹ ਵੀ ਪੜ੍ਹੋ: CWG 2022 : ਸੁਸ਼ੀਲਾ ਤੋਂ ਬਾਅਦ ਜੂਡੋ ’ਚ ਵਿਜੇ ਯਾਦਵ ਨੇ ਭਾਰਤ ਨੂੰ ਦਿਵਾਇਆ ਕਾਂਸੀ ਤਮਗਾ