ਜਲਦੀ ਫਿੱਟ ਨਾ ਹੋਣ ਦਾ ਮਾਨਸਿਕ ਦਬਾਅ ਮਹਿਸੂਸ ਕੀਤਾ : ਪੰਡਯਾ

03/13/2020 10:57:16 AM

ਸਪੋਰਟਸ ਡੈਸਕ— ਭਾਰਤ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਪਿੱਠ ਦੀ ਸੱਟ ਤੋਂ ਉਭਰਨ ਦੀ ਉਸਦੀ ਕੋਸ਼ਿਸ ਸਫਲ ਨਹੀਂ ਹੋ ਰਹੀ ਸੀ ਤਾਂ ਉਹ ਮਾਨਸਿਕ ਰੂਪ ਨਾਲ ਕਾਫੀ ਦਬਾਅ ਵਿਚ ਆ ਗਿਆ ਸੀ। ਪਿੱਠ ਦੀ ਸੱਟ ਦੀ ਸਫਲ ਸਰਜਰੀ ਕਾਰਣ 26 ਸਾਲਾ ਇਹ ਖਿਡਾਰੀ 6 ਮਹੀਨੇ ਤਕ ਕ੍ਰਿਕਟ ਤੋਂ ਦੂਰ ਰਿਹਾ। ਉਸਦਾ ਆਖਰੀ ਵਨ ਡੇ ਮੈਚ ਮਾਨਚੈਸਟਰ ਵਿਚ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲਾ ਸੀ। ਫਿਰ ਉਸਦਾ ਆਖਰੀ ਕੌਮਾਂਤਰੀ ਮੈਚ ਪਿਛਲੇ ਸਾਲ ਸਤੰਬਰ ਵਿਚ ਬੈਂਗਲੁਰੂ ਵਿਚ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀ। 

ਪੰਡਯਾ ਹੁਣ ਕੌਮਾਂਤਰੀ ਵਾਪਸੀ ਲਈ ਤਿਆਰ ਹੈ। ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀ ਵਨ ਡੇ ਟੀਮ ਵਿਚ ਚੁਣਿਆ ਗਿਆ ਹੈ। ਪੰਡਯਾ ਨੇ ਲੜੀ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਕਿਹਾ, ‘‘ਸਭ ਤੋਂ ਪਹਿਲਾਂ ਮੈਂ ਛੇ ਮਹੀਨਿਆਂ ਵਿਚ ਸਭ ਤੋਂ ਵੱਧ ਇਹ ਮਾਹੌਲ ‘ਮਿਸ’ ਕੀਤਾ, ਭਾਰਤ ਲਈ ਖੇਡਣਾ, ਇਹ ਕੱਪੜੇ ਪਹਿਨ ਕੇ ਜਿਹੜਾ ਅਹਿਸਾਸ ਹੁੰਦਾ ਹੈ, ਉਹ ਇਕ ਤਰੀਕੇ ਨਾਲ ਮਾਨਸਿਕ ਚੁਣੌਤੀ ਹੋ ਜਾਂਦੀ ਹੈ। ਬਹੁਤ ਸਾਰੀਆਂ ਰੁਕਾਵਟਾਂ ਆਈਆਂ।’’

ਉਸ ਨੇ ਕਿਹਾ, ‘‘ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਜਲਦੀ ਫਿੱਟ ਹੋ ਜਾਵਾਂ ਪਰ ਅਜਿਹਾ ਨਹੀਂ ਹੋ ਰਿਹਾ ਸੀ ਤੇ ਮੈਂ ਦਬਾਅ ਵਿਚ ਆ ਗਿਆ ਸੀ। ਚੀਜ਼ਾਂ ਮੁਸ਼ਕਿਲ ਲੱਗਣ ਲੱਗੀਆਂ ਸੀ ਪਰ ਸਭ ਕੁਝ ਠੀਕ ਹੋ ਗਿਆ, ਰਿਹੈਬਲੀਟੇਸ਼ਨ ਚੰਗਾ ਹੋਇਆ, ਕਾਫੀ ਲੋਕਾਂ ਨੇ ਮਦਦ ਕੀਤੀ।’’ ਪਿਛਲੇ ਮਹੀਨੇ ਵੀ ਉਸ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਪਰ ਪੂਰੀ ਤਰ੍ਹਾਂ ਫਿੱਟਨੈੱਸ ਹਾਸਲ ਨਾ ਕਰਨ ਦੀ ਵਜ੍ਹਾ ਨਾਲ ਉਹ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਵਿਚ ਵੀ ਨਹੀਂ ਖੇਡ ਸਕਿਆ ਸੀ ਪਰ ਉਸ ਨੇ ਡੀ. ਵਾਈ. ਪਾਟਿਲ ਟੀ-20 ਕੱਪ ਵਿਚ ਰਿਲਾਇੰਸ ਵਨ ਵਲੋਂ ਖੇਡ ਕੇ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕੀਤੀ। ਇਸ ਵਿਚ ਉਸ ਨੇ 2 ਸੈਂਕੜੇ ਲਾਏ, ਜਿਸ ਵਿਚ ਦੂਜਾ ਸੈਂਕੜਾ 55 ਗੇਂਦਾਂ ਵਿਚ ਅਜੇਤੂ 158 ਦੌੜਾਂ ਸੀ, ਜਿਸ ਵਿਚ ਉਸ ਨੇ 20 ਛੱਕੇ ਲਾਏ ਸਨ। ਪੰਡਯਾ ਨੇ ਕਿਹਾ ਕਿ ਇਹ ਉਸਦੀ ਅਹਿਮ ਪਾਰੀ ਸੀ।

ਉਸ ਨੇ ਕਿਹਾ ਕਿ ਸਾਢੇ ਛੇ ਮਹੀਨਿਆਂ ਤਕ ਇਕ ਵੀ ਮੈਚ ਨਹੀਂ ਸੀ। ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕਰਨਾ ਚਾਹੁੰਦਾ ਸੀ, ਜਿਸ ਦੇ ਲਈ ਆਤਮ-ਵਿਸ਼ਵਾਸ ਕਾਫੀ ਅਹਿਮ ਸੀ। ਤੁਸੀਂ ਭਾਵੇਂ ਹੀ ਕਿੰਨਾ ਵੀ ਅਭਿਆਸ ਕਰੋ ਪਰ ਮੈਚ ਦੇ ਹਾਲਾਤ ਹਮੇਸ਼ਾ ਵੱਖ ਹੁੰਦੇ ਹਨ।’’ ਉਸ ਨੇ ਕਿਹਾ, ‘‘ਮੈਂ ਖੇਡਣਾ ਜਾਰੀ ਰੱਖਿਆ, ਮੇਰੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਰਿਹਾ ਤੇ ਛੱਕੇ ਵੀ ਲੱਗਦੇ ਰਹੇ। ਮੈਂ ਸੋਚਿਆ ਕਿ ਜੇਕਰ ਛੱਕੇ ਲੱਗ ਰਹੇ ਹਨ ਤਾਂ ਮੈਨੂੰ ਰੁਕਣਾ ਨਹੀਂ ਚਾਹੀਦਾ ਤੇ ਮੈਂ ਲਾਉਂਦਾ ਰਿਹਾ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਪਾਰੀ ਵਿਚ 20 ਛੱਕੇ ਲਾਵਾਂਗਾ।’’


Related News