ਲੋਕਪਾਲ ਨੇ ਸੁਣਵਾਈ ਲਈ ਪੰਡਯਾ ਤੇ ਰਾਹੁਲ ਨੂੰ ਭੇਜੇ ਨੋਟਿਸ

Monday, Apr 01, 2019 - 03:53 PM (IST)

ਲੋਕਪਾਲ ਨੇ ਸੁਣਵਾਈ ਲਈ ਪੰਡਯਾ ਤੇ ਰਾਹੁਲ ਨੂੰ ਭੇਜੇ ਨੋਟਿਸ

ਨਵੀਂ ਦਿੱਲੀ— ਸੁਪਰੀਮ ਕੋਰਟ ਵੱਲੋਂ ਨਿਯੁਕਤ ਬੀ.ਸੀ.ਸੀ.ਆਈ. ਦੇ ਲੋਕਪਾਲ ਜੱਜ (ਸੇਵਾ ਮੁਕਤ) ਡੀ.ਕੇ. ਜੈਨ ਨੇ ਟੀ.ਵੀ. ਚੈਟ ਸ਼ੋਅ ਦੇ ਦੌਰਾਨ ਮਹਿਲਾਵਾਂ ਬਾਰੇ ਵਿਵਾਦਗ੍ਰਸਤ ਟਿੱਪਣੀ ਦੇ ਮਾਮਲੇ 'ਚ ਸੁਣਵਾਈ ਲਈ ਭਾਰਤੀ ਖਿਡਾਰੀਆਂ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੂੰ ਨੋਟਿਸ ਭੇਜੇ ਹਨ। 'ਕੌਫੀ ਵਿਦ ਕਰਨ' ਸ਼ੋਅ 'ਤੇ ਇਤਰਾਜ਼ਯੋਗ ਟਿੱਪਣੀਆਂ ਦੇ ਲਈ ਪ੍ਰਸ਼ਾਸਕਾਂ ਦੀ ਕਮੇਟੀ ਨੇ ਪੰਡਯਾ ਅਤੇ ਰਾਹੁਲ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਸੀ ਪਰ ਬਾਅਦ 'ਚ ਲੋਕਪਾਲ ਵੱਲੋਂ ਜਾਂਚ ਪੈਂਡਿੰਗ ਰਹਿਣ ਤਕ ਪਾਬੰਦੀ ਹਟਾ ਦਿੱਤੀ ਗਈ ਸੀ।

ਜੱਜ ਜੈਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ''ਮੈਂ ਪਿਛਲੇ ਹਫਤੇ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਸੁਣਵਾਈ ਲਈ ਪੇਸ਼ ਹੋਣ ਨੂੰ ਕਿਹਾ ਹੈ।'' ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਬੀ.ਸੀ.ਸੀ.ਆਈ. ਮੌਜੂਦਾ ਆਈ.ਪੀ.ਐੱਲ. ਵਿਚਾਲੇ ਸੁਣਵਾਈ ਲਈ ਪੰਡਯਾ ਅਤੇ ਰਾਹੁਲ ਦੀ ਫ੍ਰੈਂਚਾਈਜ਼ੀਆਂ ਕ੍ਰਮਵਾਰ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਨਾਲ ਕਿਵੇਂ ਤਾਲਮੇਲ ਬਿਠਾ ਕੇ ਉਨ੍ਹਾਂ ਦੇ ਸੁਣਵਾਈ ਲਈ ਪੇਸ਼ ਹੋਣ ਦਾ ਇੰਤਜ਼ਾਮ ਕਰੇਗਾ। ਪਤਾ ਲੱਗਾ ਹੈ ਕਿ ਦੋਹਾਂ ਟੀਮਾਂ ਵਿਚਾਲੇ ਮੁੰਬਈ 'ਚ 11 ਅਪ੍ਰੈਲ ਨੂੰ ਹੋਣ ਵਾਲੇ ਆਈ.ਪੀ.ਐੱਲ. ਮੈਚ ਤੋਂ ਪਹਿਲਾਂ ਉਹ ਸੁਣਵਾਈ ਲਈ ਪੇਸ਼ ਹੋ ਸਕਦੇ ਹਨ।
PunjabKesari
ਬੀ.ਸੀ.ਸੀ.ਆਈ. ਅਧਿਕਾਰੀ ਨੇ ਕਿਹਾ, ''ਦੋਵੇਂ ਆਈ.ਪੀ.ਐੱਲ. ਖੇਡ ਰਹੇ ਹਨ ਅਤੇ ਲਗਾਤਾਰ ਮੈਚਾਂ ਕਾਰਨ ਪ੍ਰੋਗਰਾਮ ਕਾਫੀ ਰੁਝੇਵੇਂ ਭਰਿਆ ਹੈ ਅਤੇ ਕਾਫੀ ਲੰਬੀ ਯਾਤਰਾ ਕਰਨੀ ਹੈ।'' ਬੀ.ਸੀ.ਸੀ.ਆਈ. ਦੇ ਐਡਹਾਕ ਨੈਤਿਕ ਅਧਿਕਾਰੀ ਦੀ ਵੀ ਭੂਮਿਕਾ ਨਿਭਾ ਰਹੇ ਲੋਕਪਾਲ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਚ ਤਰਕਪੂਰਨ ਸਿੱਟੇ 'ਤੇ ਪਹੁੰਚਣ ਲਈ ਇਨ੍ਹਾਂ ਦੋਹਾਂ ਨੂੰ ਸੁਣਵਾਈ ਲਈ ਪੇਸ਼ ਹੋਣਾ ਜ਼ਰੂਰੀ ਹੋਵੇਗੀ। ਸਮਝਿਆ ਜਾ ਰਿਹਾ ਹੈ ਕਿ ਦੋਹਾਂ ਖਿਡਾਰੀਆਂ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣਾ ਹੋਵੇਗਾ ਅਤੇ ਉਹ ਆਪਣੇ ਕਾਨੂੰਨੀ ਪ੍ਰਤੀਨਿਧੀਆਂ ਦੇ ਜ਼ਰੀਏ ਪੇਸ਼ ਨਹੀਂ ਹੋ ਸਕਦੇ। ਚੈਟ ਸ਼ੋਅ ਦਾ ਵਿਵਾਦਗ੍ਰਸਤ ਐਪੀਸੋਡ ਜਨਵਰੀ ਦੇ ਪਹਿਲੇ ਹਫਤੇ 'ਚ ਪ੍ਰਸਾਰਤ ਹੋਇਆ ਸੀ ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ।


author

Tarsem Singh

Content Editor

Related News