ਜਸਪ੍ਰੀਤ ਬੁਮਰਾਹ ਦੀ Injury ਨਾਲ ਜੁੜੀ ਵੱਡੀ ਅਪਡੇਟ, ਇੰਨੀ ਦੇਰ ਲਈ ਹੋ ਸਕਦੇ ਨੇ ਬਾਹਰ

Monday, Jan 06, 2025 - 01:18 PM (IST)

ਜਸਪ੍ਰੀਤ ਬੁਮਰਾਹ ਦੀ Injury ਨਾਲ ਜੁੜੀ ਵੱਡੀ ਅਪਡੇਟ, ਇੰਨੀ ਦੇਰ ਲਈ ਹੋ ਸਕਦੇ ਨੇ ਬਾਹਰ

ਸਿਡਨੀ- ਪਿੱਠ 'ਚ ਅਕੜਾਅ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 19 ਫਰਵਰੀ ਤੋਂ ਸ਼ੁਰੂ ਹੋ ਰਹੀ ਆਈਸੀਸੀ ਚੈਂਪੀਅਨਜ਼ ਟਰਾਫੀ 'ਤੇ ਧਿਆਨ ਰਖਦੇ ਹੋਏ ਇੰਗਲੈਂਡ ਦੇ ਖਿਲਾਫ ਭਾਰਤ ਦੀ ਘਰੇਲੂ ਵ੍ਹਾਈਟ ਬਾਲ ਗੇਂਦ ਸੀਰੀਜ਼ ਦੇ ਜ਼ਿਆਦਾਤਰ ਹਿੱਸੇ ਤੋਂ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਹੈ। ਬੁਮਰਾਹ ਐਤਵਾਰ ਨੂੰ ਖ਼ਤਮ ਗਾਵਸਕਰ ਟਰਾਫੀ 'ਚ ਆਸਟ੍ਰੇਲੀਆ ਦੇ ਹੱਥੋਂ 1-3 ਦੀ ਕਰਾਰੀ ਹਾਰ 'ਚ 32 ਵਿਕਟਾਂ ਲੈ ਕੇ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਰਹੇ। 30 ਸਾਲਾ ਬੁਮਰਾਹ ਪਿੱਠ ਦੇ ਅਕੜਾਅ ਕਾਰਨ ਆਸਟ੍ਰੇਲੀਆ ਦੀ ਦੂਜੀ ਪਾਰੀ 'ਚ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ। ਉਸ ਨੇ ਪੰਜ ਮੈਚਾਂ ਦੀ ਇਸ ਸੀਰੀਜ਼ 'ਚ 150 ਤੋਂ ਜ਼ਿਆਦਾ ਓਵਰ ਸੁੱਟੇ। 

ਬੁਮਰਾਹ ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਸੱਟ ਦਾ ਸ਼ਿਕਾਰ ਹੋਏ ਹਨ ਤੇ ਬੀਸੀਸੀਆਈ ਦੀ ਮੈਡੀਕਲ ਟੀਮ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰੇਗੀ ਕਿ ਉਹ ਆਈਸੀਸੀ (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਪ੍ਰਮੁੱਖ ਆਯੋਜਨ ਚੈਂਪੀਅਨਜ਼ ਟਰਾਫੀ ਲਈ ਤਿਆਰ ਰਹਿਣ। ਇਸ ਪ੍ਰਤੀਯੋਗਿਤਾ 'ਚ ਭਾਰਤ ਦਾ ਪ੍ਰਦਰਸ਼ਨ ਕਾਫੀ ਹੱਦ ਤਕ ਬੁਮਰਾਹ ਦੀ ਮੌਜੂਦਗੀ 'ਤੇ ਨਿਰਭਰ ਕਰੇਗਾ। ਇਸ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਬੁਮਰਾਹ ਦੇ ਪਿੱਠ ਦੇ ਅਕੜਾਅ ਦੇ ਗ੍ਰੇਡ (ਸੱਟ ਦੇ ਪੱਧਰ) ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਭਾਰਤ ਚੈਂਪੀਅਨਜ਼ ਟਰਾਫੀ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਦੁਬਈ 'ਚ ਬੰਗਲਾਦੇਸ਼ ਖਿਲਾਫ ਕਰੇਗਾ। 

ਬੁਮਰਾਹ ਦੀ ਸੱਟ ਜੇਕਰ ਗ੍ਰੇਡ ਇਕ ਵਿਚ ਆਉਂਦੀ ਹੈ ਤਾਂ ਉਨ੍ਹਾਂ ਨੂੰ ਖੇਡ 'ਚ ਵਾਪਸੀ (ਆਰਟੀਪੀ ਭਾਵ ਰਿਟਰਨ ਟੂ ਪਲੇਅ) ਤੋਂ ਪਹਿਲਾਂ ਘੱਟੋ-ਘੱਟ ਤਿੰਨ ਹਫਤਿਆਂ ਤਕ ਰਿਹੈਬਲੀਟੇਸ਼ਨ 'ਚ ਬਿਤਾਉਣੇ ਹੋਣਗੇ। ਗ੍ਰੇਡ ਦੋ ਦੀ ਸੱਟ ਤੋਂ ਉੱਭਰਨ 'ਚ 6 ਹਫਤੇ ਲਗ ਸਕਦੇ ਹਨ ਜਦਕਿ ਗੰਭੀਰ ਮੰਨੇ ਜਾਣ ਵਾਲੇ ਗ੍ਰੇਡ ਤਿੰਨ ਲਈ ਘੱਟੋ-ਘੱਟ ਤਿੰਨ ਮਹੀਨੇ ਦੀ ਆਰਾਮ ਤੇ ਰਿਹੈਬਲੀਟੇਸ਼ਨ ਦੀ ਲੋੜ ਹੁੰਦੀ ਹੈ। ਇਹ ਪਹਿਲਾਂ ਤੋਂ ਤੈਅ ਸੀ ਕਿ ਬੁਮਰਾਹ ਇੰਗਲੈਂਡ ਦੇ ਖਿਲਾਫ ਟੀ20 ਸੀਰੀਜ਼ ਨਹੀਂ ਖੇਡਣਗੇ ਕਿਉਂਕਿ ਇਸ ਸਾਲ ਇਸ ਫਾਰਮੈਟ ਦਾ ਵਿਸ਼ਵ ਕੱਪ ਨਹੀਂ ਹੈ। ਚੈਂਪੀਅਨਜ਼ ਟਰਾਫੀ ਨੂੰ ਦੇਖਦੇ ਹੋਏ ਇੰਗਲੈਂਡ ਖਿਲਾਫ ਵਨਡੇ 'ਚ ਉਨ੍ਹਾਂ ਦੇ ਤਿੰਨ ਵਿਚੋਂ ਦੋ ਮੈਚ ਖੇਡਣ ਦੀ ਸੰਭਾਵਨਾ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸੱਟ ਦੀ ਗੰਭੀਰਤਾ ਤੋਂ ਪਤਾ ਲਗ ਸਕੇਗਾ ਕਿ ਉਹ ਇੰਗਲੈਂਡੇ ਖਿਲਾਫ 50 ਓਵਰਾਂ ਦੇ ਫਾਰਮੈਟ 'ਚ ਖੇਡ ਸਕਣਗੇ ਜਾਂ ਨਹੀਂ। ਇਸ ਸੀਰੀਜ਼ ਦਾ ਆਖ਼ਰੀ ਮੈਚ 12 ਫਰਵਰੀ ਨੂੰ ਅਹਿਮਦਾਬਾਦ 'ਚ ਹੋਵੇਗਾ। ਭਾਰਤ 22 ਜਨਵਰੀ ਤੋਂ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੀ20 ਸੀਰੀਜ਼ ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਹਿੱਸਾ ਲਵੇਗਾ। 


author

Tarsem Singh

Content Editor

Related News