ਪੁੱਠੇ ਹੱਥ ਨਾਲ ਗੇਂਦਬਾਜ਼ੀ ਕਰਨਗੇ ਬੁਮਰਾਹ, ਬਣਨ ਜਾ ਰਿਹੈ ਕਾਨੂੰਨ!
Thursday, Jan 02, 2025 - 12:21 PM (IST)
ਸਿਡਨੀ- ਆਸਟਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫ਼ੀ ਲਈ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਸ਼ਾਨਦਾਰ ਪ੍ਰਦਰਸ਼ਨ ਦਰਮਿਆਨ ਆਸਟਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਅੱਜ ਮਖੌਲੀਆ ਲਹਿਜ਼ੇ ਵਿਚ ਸੁਝਾਝ ਦਿੱਤਾ ਕਿ ਇਕ ਅਜਿਹਾ ਕਾਨੂੰਨ ਬਣਾਇਆ ਜਾ ਸਕਦਾ ਹੈ ਜਿਸ ਨਾਲ ਭਾਰਤ ਦਾ ਇਹ ਤੇਜ਼ ਗੇਂਦਬਾਜ਼ ਮੇਜ਼ਬਾਨ ਟੀਮ ਖਿਲਾਫ਼ ‘ਖੱਬੇ ਹੱਥ ਨਾਲ ਗੇਂਦਬਾਜ਼ੀ ਕਰਨ ਜਾਂ ਇਕ ਕਦਮ ਦੀ ਦੂਰੀ ਤੋਂ ਗੇਂਦਬਾਜ਼ੀ’ ਕਰਨ ਲਈ ਮਜਬੂਰ ਹੋ ਜਾਵੇ। ਦਰਅਸਲ ਬੁਮਰਾਹ ਸਿੱਧੇ ਹੱਥ (ਸੱਜੇ) ਤੋਂ ਗੇਂਦਬਾਜ਼ੀ ਕਰਦਾ ਹੈ ਤੇ ਅਲਬਨੀਜ਼ ਉਸ ਨੂੰ ਪੁੱਠੇ ਹੱਥ (ਖੱਬੇ) ਨਾਲ ਗੇਂਦਬਾਜ਼ੀ ਕਰਨ ਲਈ ਮਜਬੂਰ ਕਰਨ ਸਬੰਧੀ ਮਜ਼ਾਕ ਕਰ ਰਹੇ ਸਨ। ਬੁਮਰਾਹ, ਜਿਸ ਨੂੰ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿਚ ਵਿਸ਼ਵ ਦਾ ਸਰਵੋਤਮ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ, ਨੇ ਮੌਜੂਦਾ ਟੈਸਟ ਲੜੀ ਵਿਚ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ ਹੈ। ਬੁਮਰਾਹ ਨੇ ਹੁਣ ਤੱਕ ਚਾਰ ਟੈਸਟ ਮੈਚਾਂ ਵਿਚ 30 ਵਿਕਟ ਲਏ ਹਨ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੀ ਪੋਸਟ 'ਤੇ ਭਾਵੁਕ ਹੋਏ ਫੈਨਜ਼, ਸੰਨਿਆਸ ਬਾਰੇ ਆਖ਼ ਗਏ ਇਹ ਗੱਲ
ਅਲਬਨੀਜ਼, ਜਿਨ੍ਹਾਂ ਅੱਜ ਸਿਡਨੀ ਵਿਚ ਭਾਰਤੀ ਤੇ ਆਸਟਰੇਲੀਅਨ ਖਿਡਾਰੀਆਂ ਦੀ ਮੇਜ਼ਬਾਨੀ ਕੀਤੀ, ਨੇ ਬੜੇ ਖੁਸ਼ਮਿਜ਼ਾਜ ਰੌਂਅ ਵਿਚ ਬੁਮਰਾਹ ਨਾਲ ਗੱਲਬਾਤ ਕੀਤੀ। ਸਿਡਨੀ ਮੌਰਨਿੰਗ ਹੈਰਾਲਡ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਅਲਬਨੀਜ਼ ਨੇ ਬੜੇ ਹਲਕੇ ਅੰਦਾਜ਼ ਵਿਚ ਕਿਹਾ, ‘‘ਅਸੀਂ ਇੱਥੇ ਇੱਕ ਕਾਨੂੰਨ ਪਾਸ ਕਰ ਸਕਦੇ ਹਾਂ ਕਿ ਬੁਮਰਾਹ ਨੂੰ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਖੱਬੇ ਹੱਥ ਜਾਂ ਇੱਕ ਕਦਮ ਦੂਰੀ ਨਾਲ ਗੇਂਦਬਾਜ਼ੀ ਕਰਨੀ ਪਵੇਗੀ। ਹਰ ਵਾਰ ਜਦੋਂ ਉਹ ਗੇਂਦਬਾਜ਼ੀ ਲਈ ਆਇਆ ਹੈ ਤਾਂ ਬਹੁਤ ਰੋਮਾਂਚਕ ਰਿਹਾ ਹੈ।’’ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਆਸਟਰੇਲੀਆ 2-1 ਨਾਲ ਅੱਗੇ ਹਨ। ਬੁਮਰਾਹ ਨੇ ਮੈਲਬਰਨ ਵਿਚ ਖੇਡੇ ਚੌਥੇ ਟੈਸਟ ਮੈਚ ਦੌਰਾਨ ਹੀ ਟੈਸਟ ਕ੍ਰਿਕਟ ਵਿਚ ਆਪਣੀਆਂ 200 ਵਿਕਟਾਂ ਪੂਰੀਆਂ ਕੀਤੀਆਂ ਸਨ। ਭਾਰਤੀ ਗੇਂਦਬਾਜ਼ ਦਾ ਇਹ 44ਵਾਂ ਟੈਸਟ ਮੈਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8