ਬੁਮਰਾਹ ਨੇ ਅਸ਼ਵਿਨ ਦੇ ਰਿਕਾਰਡ ਰੇਟਿੰਗ ਅੰਕਾਂ ਦੀ ਕੀਤੀ ਬਰਾਬਰੀ
Wednesday, Dec 25, 2024 - 06:55 PM (IST)
ਦੁਬਈ- ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਆਪਣੇ ਰੇਟਿੰਗ ਅੰਕ 904 ਲੈ ਕੇ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਭਾਰਤੀ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਬੁਮਰਾਹ ਨੇ ਬ੍ਰਿਸਬੇਨ 'ਚ ਆਸਟ੍ਰੇਲੀਆ ਖਿਲਾਫ ਖੇਡੇ ਗਏ ਤੀਜੇ ਟੈਸਟ ਮੈਚ 'ਚ 94 ਦੌੜਾਂ 'ਤੇ 9 ਵਿਕਟਾਂ ਲਈਆਂ, ਜਿਸ ਨਾਲ ਉਸ ਨੂੰ 14 ਰੇਟਿੰਗ ਅੰਕ ਮਿਲੇ। ਇਸ ਨਾਲ ਉਸ ਨੇ ਨਾ ਸਿਰਫ ਅਸ਼ਵਿਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਸਗੋਂ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਵੀ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ।
ਬੁਮਰਾਹ ਕੋਲ ਹੁਣ ਆਸਟ੍ਰੇਲੀਆ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਚੌਥੇ ਟੈਸਟ ਮੈਚ 'ਚ ਚੰਗਾ ਪ੍ਰਦਰਸ਼ਨ ਕਰਕੇ ਅਸ਼ਵਿਨ ਨੂੰ ਪਿੱਛੇ ਛੱਡਣ ਅਤੇ ਨਵਾਂ ਭਾਰਤੀ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਅਸ਼ਵਿਨ ਨੇ ਦਸੰਬਰ 2016 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਆਫ ਸਪਿਨਰ ਨੇ ਹਾਲ ਹੀ 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ।
ਭਾਰਤੀ ਗੇਂਦਬਾਜ਼ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ (856) ਅਤੇ ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ (852) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਭਾਰਤ ਖਿਲਾਫ ਮੌਜੂਦਾ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਸਟ੍ਰੇਲੀਆਈ ਬੱਲੇਬਾਜ਼ ਟ੍ਰੈਵਿਸ ਹੈੱਡ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਉਸ ਦੇ 825 ਰੇਟਿੰਗ ਅੰਕ ਹਨ। ਉਹ ਇਸ ਸਮੇਂ ਇੰਗਲੈਂਡ ਦੇ ਜੋ ਰੂਟ (895) ਅਤੇ ਹੈਰੀ ਬਰੂਕ (876) ਅਤੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ (867) ਤੋਂ ਪਿੱਛੇ ਹੈ। ਭਾਰਤ ਦਾ ਰਵਿੰਦਰ ਜਡੇਜਾ 424 ਰੇਟਿੰਗ ਅੰਕਾਂ ਦੇ ਨਾਲ ਆਲਰਾਊਂਡਰਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ ਹੈ, ਜਦਕਿ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਗਾਬਾ 'ਚ ਤੀਜੇ ਟੈਸਟ 'ਚ ਚਾਰ ਵਿਕਟਾਂ ਅਤੇ 42 ਦੌੜਾਂ ਨਾਲ ਚੋਟੀ ਦੇ 10 'ਚ ਜਗ੍ਹਾ ਬਣਾ ਲਈ ਹੈ।