ਸ਼ਤਰੰਜ : ਕਾਰਲਸਨ ਦੀ ਆਸਾਧਾਰਣ ਖੇਡ ਨਾਲ ਸਕੋਰ ਬਰਾਬਰ, ਹੁਣ ਹੋਵੇਗਾ ਅੰਤਿਮ ਮਹਾਮੁਕਾਬਲਾ
Thursday, Aug 20, 2020 - 09:40 PM (IST)
ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਟੂਰ ਹੁਣ ਜਾ ਕੇ ਆਪਣੇ ਅੰਤਿਮ ਤੇ ਫੈਸਲਾਕੁੰਨ ਮਹਾਮੁਕਾਬਲੇ ਵਿਚ ਪਹੁੰਚ ਗਿਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੌਣ ਇਸਦਾ ਜੇਤੂ ਬਣ ਕੇ ਸਾਹਮਣੇ ਆਉਂਦਾ ਹੈ। ਬੈਸਟ ਆਫ 7 ਦਿਨ ਦੇ ਗ੍ਰੈਂਡ ਫਾਈਨਲ ਸ਼ਤਰੰਜ ਟੂਰਨਾਮੈਂਟ ਵਿਚ 6ਵੇਂ ਦਿਨ ਤੱਕ 3-2 ਨਾਲ ਅੱਗੇ ਚੱਲ ਰਹੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਖਿਤਾਬ ਹਾਸਲ ਕਰਨ ਲਈ ਦਿਨ ਆਪਣੇ ਨਾਂ ਕਰਨ ਦੀ ਲੋੜ ਸੀ ਪਰ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਇਕ ਵਾਰ ਫਿਰ ਸ਼ਾਨਦਾਰ ਖੇਡ ਨਾਲ 6ਵਾਂ ਦਿਨ 3-1 ਨਾਲ ਜਿੱਤ ਕੇ ਕੁਲ ਸਕੋਰ 3-3 ਕਰ ਲਿਆ ਤੇ ਹੁਣ ਆਖਰੀ ਤੇ 7ਵੇਂ ਦਿਨ ਨੂੰ ਜਿਹੜਾ ਵੀ ਆਪਣੇ ਨਾਂ ਕਰੇਗਾ, ਉਹ ਇਸ 5 ਮਹੀਨਿਆਂ ਤੋਂ ਚੱਲ ਰਹੇ ਸ਼ਤਰੰਜ ਟੂਰ ਦਾ ਜੇਤੂ ਬਣੇਗਾ।
ਛੇਵੇਂ ਦਿਨ ਦੀ ਸ਼ੁਰੂਆਤ ਮੈਗਨਸ ਕਾਰਲਸਨ ਨੇ ਟੂਰਨਾਮੈਂਟ ਵਿਚ ਆਪਣੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਮੁਕਾਬਲੇ ਨਾਲ ਕੀਤੀ। ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਕਾਰਲਸਨ ਨੇ ਨਿੰਮਜੋਂ ਇੰਡੀਅਨ ਡਿਫੈਂਸ ਦੇ ਸਹਾਰੇ ਪਹਿਲੇ ਮੁਕਾਬਲੇ ਵਿਚ 41 ਚਾਲਾਂ ਵਿਚ ਜਿੱਤ ਦਰਜ ਕੀਤੀ। ਦੂਜੇ ਮੁਕਾਬਲੇ ਵਿਚ ਸਫੇਦ ਮੋਹਰਿਆਂ ਨਾਲ ਖੇਡ ਰਿਹਾ ਨਾਕਾਮੁਰਾ ਰਾਏ ਲੋਪੇਜ ਓਪਨਿੰਗ ਵਿਚ ਇਕ ਸਮੇਂ ਸਕੋਰ ਬਰਾਬਰ ਕਰਨ ਦੇ ਨੇੜੇ ਸੀ ਪਰ ਉਹ ਆਪਣੇ ਰਾਜਾ ਦੀ ਚੰਗੀ ਸਥਿਤੀ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 70 ਚਾਲਾਂ ਵਿਚ ਮੁਕਾਬਲਾ ਡਰਾਅ ਰਿਹਾ ਤੇ ਤੀਜੇ ਮੁਕਾਬਲੇ ਵਿਚ ਮੈਗਨਸ ਕਾਰਲਸਨ ਨੇ ਸਿਰਫ 17 ਚਾਲਾਂ ਵਿਚ ਡਰਾਅ ਖੇਡ ਕੇ ਆਖਰੀ ਮੁਕਾਬਲੇ 'ਤੇ ਫੈਸਲਾ ਪਹੁੰਚਾ ਦਿੱਤਾ।
ਚੌਥੇ ਤੇ ਆਖਰੀ ਮੁਕਾਬਲੇ ਵਿਚ ਨਾਕਾਮੁਰਾ ਨੂੰ ਕਿਸੇ ਵੀ ਹਾਲਤ ਵਿਚ ਜਿੱਤ ਦੀ ਲੋੜ ਸੀ ਪਰ ਰਾਏ ਲੋਪੇਜ ਓਪਨਿੰਗ ਵਿਚ ਕਾਰਲਸਨ ਨੇ ਸੰਤੁਲਿਤ ਖੇਡ ਖੇਡੀ ਤੇ 36ਵੀਂ ਚਾਲ ਵਿਚ ਨਾਕਾਮੁਰਾ ਦੇ ਵਜੀਰ ਦੀ ਗਲਤ ਚਾਲ ਦਾ ਫਾਇਦਾ ਚੁੱਕਦੇ ਹੋਏ ਸਿਰਫ 40 ਚਾਲਾਂ ਵਿਚ ਖੇਡ ਆਪਣੇ ਨਾਂ ਕਰ ਲਈ ਤੇ ਇਸ ਤਰ੍ਹਾਂ ਦੋ ਜਿੱਤਾਂ, ਦੋ ਡਰਾਅ ਨਾਲ ਕੁਲ 3-1 ਦੇ ਸਕੋਰ ਨਾਲ ਦਿਨ ਆਪਣੇ ਨਾਂ ਕਰ ਲਿਆ।