ਗੋਲਫ : ਤਵੇਸਾ ਮਲਿਕ ਨੇ ਜਿੱਤਿਆ ਆਪਣਾ ਤੀਜਾ ਖਿਤਾਬ
Friday, Aug 30, 2019 - 10:20 PM (IST)

ਨਵੀਂ ਦਿੱਲੀ— ਤਵੇਸਾ ਮਲਿਕ ਨੇ ਇੱਥੇ ਡੀ. ਐੱਲ. ਐੱਫ. ਗੋਲਫ ਐਂਡ ਕੰਟ੍ਰੀ ਕਲੱਬ ’ਚ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 13ਵੇਂ ਗੇੜ ਦਾ ਖਿਤਾਬ ਜਿੱਤ ਲਿਆ ਜੋ ਉਸਦਾ ਇਸ ਟੂਰ ’ਚ ਤੀਜਾ ਖਿਤਾਬ ਹੈ। ਤਵੇਸਾ ਨੇ ਇਸ ਤੋਂ ਪਹਿਲਾਂ ਅਹਿਮਦਾਬਾਦ ’ਚ ਤੀਜੇ ਗੇੜ ’ਚ ਤੇ ਬੈਂਗਲੁਰੂ ’ਚ ਅੱਠਵੇਂ ਗੇੜ ਦਾ ਖਿਤਾਬ ਜਿੱਤਿਆ ਸੀ। ਉਹ ਰਿਧਿਮਾ ਤੋਂ ਬਾਅਦ ਇਸ ਸਾਲ ਤਿੰਨ ਖਿਤਾਬ ਜਿੱਤਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ। ਉਸ ਨੂੰ ਇਸ ਜਿੱਤ ਦੇ ਨਾਲ ਇਕ ਲੱਖ 44 ਹਜ਼ਾਰ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ।
13ਵੇਂ ਗੇੜ ਦੇ ਤੀਜੇ ਤੇ ਆਖਰੀ ਦਿਨ ਦੋ ਹੋਲ ਰਹਿੰਦੇ ਤਵੇਸਾ ਇਕ ਸ਼ਾਟ ਨਾਲ ਪਿਛੜ ਰਹੀ ਸੀ। ਕੱਲ ਚੋਟੀ ’ਤੇ ਚੱਲ ਰਹੀ ਦੀਕਸ਼ਾ ਡਾਗਰ ਨੇ ਲਗਾਤਾਰ ਦੋ ਬੋਗੀ ਖੇਡ ਕੇ ਖਿਤਾਬ ਜਿੱਤਣ ਦਾ ਮੌਕਾ ਗੁਆ ਦਿੱਤਾ। ਤਵੇਸਾ ਨੇ 16ਵੇਂ ਹੋਲ ’ਤੇ ਬਰਡੀ ਖੇਡੀ ਤੇ ਬਾਕੀ ਤਿੰਨ ਹੋਲ ਪਾਰ ਖੇਡਦੇ ਹੋਏ 2 ਓਵਰ 74 ਦਾ ਸਕੋਰ ਕੀਤਾ। ਉਸ ਨੇ ਇਕ ਓਵਰ 217 ਦੇ ਸਕੋਰ ਨਾਲ ਖਿਤਾਬ ਜਿੱਤਿਆ।