ਕੋਕੀਨ ਲੈਣ ਦੇ ਬਾਅਦ ਭਾਰਤੀ ਕਾਰੋਬਾਰੀ ਨੇ ਸਪਾਟ ਫਿਕਸਿੰਗ ਲਈ ਕੀਤਾ ਬਲੈਕਮੇਲ : ਜ਼ਿੰਬਾਬਵੇ ਦੇ ਸਾਬਕਾ ਕਪਤਾਨ

Monday, Jan 24, 2022 - 07:44 PM (IST)

ਕੋਕੀਨ ਲੈਣ ਦੇ ਬਾਅਦ ਭਾਰਤੀ ਕਾਰੋਬਾਰੀ ਨੇ ਸਪਾਟ ਫਿਕਸਿੰਗ ਲਈ ਕੀਤਾ ਬਲੈਕਮੇਲ : ਜ਼ਿੰਬਾਬਵੇ ਦੇ ਸਾਬਕਾ ਕਪਤਾਨ

ਨਵੀਂ ਦਿੱਲੀ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ ਨੇ ਇਕ ਭਾਰਤੀ ਕਾਰੋਬਾਰੀ ਦੇ ਨਾਲ ਬੈਠਕ ਦੇ ਦੌਰਾਨ 'ਮੂਰਖਤਾਪੂਰਨ' ਕੋਕੀਨ ਲੈਣ ਦੇ ਬਾਅਦ ਮੈਚ ਫਿਕਸਿੰਗ ਦੇ ਲਈ ਬਲੈਕਮੇਲ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੂੰ ਸਮੇਂ 'ਤੇ ਨਾ ਦੇਣ ਦੇ ਕਾਰਨ ਉਨ੍ਹਾਂ 'ਤੇ ਕਈ ਸਾਲ ਦੀ ਪਾਬੰਦੀ ਲਗ ਸਕਦੀ ਹੈ। 

ਇਹ ਵੀ ਪੜ੍ਹੋ : ਸਮ੍ਰਿਤੀ ਮੰਧਾਨਾ ਨੇ ਜਿੱਤਿਆ ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਦਾ ਪੁਰਸਕਾਰ

ਟੇਲਰ ਨੇ ਇਸ ਗ਼ਲਤੀ ਨੂੰ ਸਵੀਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਭਾਰਤੀ ਕਾਰੋਬਾਰੀ ਨੇ ਉਨ੍ਹਾਂ ਨੂੰ ਭਾਰਤ 'ਚ 'ਸਪਾਂਸਰ' ਦਿਵਾਉਣ ਤੇ ਜ਼ਿੰਬਾਬਵੇ 'ਚ ਇਕ ਟੀ-20 ਟੂਰਨਾਮੈਂਟ ਦੀ ਸੰਭਾਵੀ ਯੋਜਨਾ 'ਤੇ ਚਰਚਾ ਕਰਨ ਲਈ ਇਨਵਾਈਟ ਕੀਤਾ ਸੀ। ਉਨ੍ਹਾਂ ਨੇ ਇਸ ਕਾਰੋਬਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤੀ ਹੈ ਪਰ ਕਿਹਾ ਹੈ ਕਿ ਉਨ੍ਹਾਂ ਨੂੰ ਅਕਤੂਬਰ, 2019 'ਚ 15,000 ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ।

ਟੇਲਰ ਨੇ ਕਿਹਾ, 'ਅਸੀਂ ਇਕੱਠਿਆਂ ਸ਼ਰਾਬ ਪੀਤੀ ਤੇ ਸ਼ਾਮ ਦੇ ਸਮੇਂ ਉਨ੍ਹਾਂ ਨੇ ਮੈਨੂੰ ਕੋਕੀਨ ਦੀ ਪੇਸ਼ਕਸ਼ ਕੀਤੀ। ਉਹ ਖ਼ੁਦ ਵੀ ਕੋਕੀਨ ਲੈ ਰਹੇ ਸਨ। ਮੈਂ ਮੂਰਖਤਾ ਨਾਲ ਇਸ ਦਾ ਸੇਵਨ ਕੀਤਾ। ਇਸ ਘਟਨਾ ਦੇ ਬਾਅਦ ਮੈਨੂੰ ਅਜੇ ਤਕ ਲੱਖਾਂ ਵਾਰ ਪਛਤਾਵਾ ਹੋ ਚੁੱਕਾ ਹੈ। ਮੈਨੂੰ ਉਸ ਗੱਲ ਨੂੰ ਲੁਕਾ ਕੇ ਰੱਖਣ ਦਾ ਪਛਤਾਵਾ ਹੈ ਕਿ ਉਸ ਰਾਤ ਉਨ੍ਹਾਂ ਨੇ ਕਿਵੇਂ ਮੇਰਾ ਇਸਤੇਮਾਲ ਕੀਤਾ। ਉਨ੍ਹਾਂ ਅੱਗੇ ਕਿਹਾ, 'ਅਗਲੀ ਸਵੇਰ ਉਹ ਫਿਰ ਤੋਂ ਮੇਰੇ ਹੋਟਲ ਦੇ ਕਮਰੇ 'ਚ ਆਏ ਤੇ ਕੋਕੀਨ ਲੈਂਦੇ ਹੋਏ ਮੇਰਾ ਵੀਡੀਓ ਮੈਨੂੰ ਦਿਖਾਇਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਲਈ ਕੌਮਾਂਤਰੀ ਮੈਚਾਂ 'ਚ ਫਿਕਸਿੰਗ ਕਰਾਂ ਨਹੀਂ ਤਾਂ ਮੇਰੀ ਵੀਡੀਓ ਨੂੰ ਜਨਤਕ ਕਰ ਦਿੱਤਾ ਜਾਵੇਗਾ।'

ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ ਤੋਂ ਹਾਰ ਮਗਰੋਂ ਭਾਰਤ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ

ਟੇਲਰ ਨੇ ਕਿਹਾ, 'ਮੈਨੂੰ ਆਪਣੀ ਸੁਰੱਖਿਆ ਦੀ ਫ਼ਿਕਰ ਸੀ। ਮੇਰੇ ਹੋਟਲ ਦੇ ਕਮਰੇ 'ਚ 6 ਲੋਕ ਸਨ। ਮੈਂ ਉਨ੍ਹਾਂ ਦੇ ਜਾਲ 'ਚ ਫਸ ਚੁੱਕਾ ਸੀ। ਮੈਂ ਆਪਣੀ ਮਰਜ਼ੀ ਨਾਲ ਅਜਿਹੀ ਸਥਿਤੀ 'ਚ ਫਸ ਗਿਆ ਜਿਸ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।' ਇਸ 35 ਸਾਲਾ ਖਿਡਾਰੀ ਨੇ ਪਿਛਲੇ ਸਾਲ ਸੰਨਿਆਸ ਲੈਣ ਤੋਂ ਪਹਿਲਾਂ 205 ਵਨ-ਡੇ, 34 ਟੈਸਟ ਤੇ 45 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਹ ਹਾਲਾਂਕਿ ਇਸ ਦੇ ਨਤੀਜੇ ਝੱਲਣ ਲਈ ਤਿਆਰ ਹਨ। ਉਨ੍ਹਾਂ ਨੂੰ ਪਤਾ ਹੈ ਕਿ ਆਈ. ਸੀ. ਸੀ. ਇਸ ਘਟਨਾ ਦੀ ਜਾਣਕਾਰੀ ਨਾ ਦੇਣ 'ਤੇ ਉਨ੍ਹਾਂ 'ਤੇ ਪਾਬੰਦੀ ਲਾ ਸਕਦੀ ਹੈ। ਆਈ. ਸੀ .ਸੀ. ਨੇ ਹਾਲਾਂਕਿ ਇਸ ਮਾਮਲੇ 'ਚ ਕੋਈ ਟਿੱਪਣੀ ਨਹੀਂ ਕੀਤੀ ਹੈ।

ਉਨ੍ਹਾਂ ਕਿਹਾ, 'ਉਹ ਅਜਿਹਾ ਸਮਾਂ ਸੀ ਜਦੋਂ ਜ਼ਿੰਬਾਬਵੇ ਕ੍ਰਿਕਟ ਨੇ ਸਾਨੂੰ 6 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਸੀ ਤੇ ਇਸ ਗੱਲ 'ਤੇ ਵੀ ਸਵਾਲ ਉਠ ਰਹੇ ਸਨ ਕਿ ਕੀ ਜ਼ਿੰਬਾਬਵੇ ਕੌਮਾਂਤਰੀ ਪੱਧਰ 'ਤੇ ਖੇਡਣਾ ਜਾਰੀ ਰੱਖੇਗਾ।' ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਦੀ ਵਜ੍ਹਾ ਬਾਰੇ ਦੱਸਿਆ, 'ਮੈਨੂੰ 15,000 ਡਾਲਰ ਦੇ ਕੇ ਮੈਚ ਫਿਕਸ ਕਰਨ ਲਈ ਕਿਹਾ ਗਿਆ ਸੀ। ਮੈਨੂੰ ਕਿਹਾ ਗਿਆ ਸੀ ਕਿ ਕੰਮ ਹੋਣ ਦੇ ਬਾਅਦ 20,000 ਡਾਲਰ ਹੋਰ ਮਿਲਣਗੇ। ਮੈਂ ਆਪਣੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਸ ਆਫ਼ਰ 'ਤੇ ਹਾਮੀ ਭਰ ਦਿੱਤੀ। ਮੈਂ ਰਕਮ ਇਸ ਲਈ ਸਵੀਕਾਰ ਕੀਤੀ ਤਾਂ ਜੋ ਭਾਰਤ ਤੋਂ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲ ਸਕਾਂ।

ਇਹ ਵੀ ਪੜ੍ਹੋ : ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ

ਉਨ੍ਹਾਂ ਕਿਹਾ, 'ਮੈਂ ਹਾਲਾਂਕਿ ਇਸ ਦੇ ਬਾਅਦ ਕਦੀ ਵੀ ਕੁਝ ਗ਼ਲਤ ਨਹੀਂ ਕੀਤਾ। ਇਸ ਘਟਨਾ ਦਾ ਮੇਰੇ 'ਤੇ ਬਹੁਤ ਡੂੰਘਾ ਅਸਰ ਹੋਇਆ ਤੇ ਮੈਂ ਡਿਪ੍ਰੈਸ਼ਨ 'ਚ ਚਲਾ ਗਿਆ ਸੀ। ਮੈਨੂੰ ਡਿਪ੍ਰੈਸ਼ਨ ਤੋਂ ਉੱਭਰਨ ਲਈ ਦਵਾਈਆਂ ਖਾਣੀਆਂ ਪਈਆਂ।' ਟੇਲਰ ਨੇ ਕਿਹਾ, 'ਮੈਂ ਖ਼ੁਦ ਨੂੰ ਬਚਾਉਣ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਇਸ ਘਟਨਾ ਦੀ ਜਾਣਕਾਰੀ ਆਈ. ਸੀ. ਸੀ. ਨੂੰ ਚਾਰ ਮਹੀਨਿਆਂ ਬਾਅਦ ਦਿੱਤੀ।' ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਪ੍ਰਮੁੱਖ ਸ਼ੱਬੀਰ ਹੁਸੈਨ ਸ਼ੇਖਦਮ ਖੰਡਾਵਵਾਲਾ ਨੇ ਕਿਹਾ, 'ਜੇਕਰ ਇਹ ਘਟਨਾ ਭਾਰਤ 'ਚ ਹੋਈ ਤਾਂ ਅਸੀਂ ਇਸ ਦਾ ਵੇਰਵਾ ਜਾਣਨਾ ਚਾਹਾਂਗੇ ਤੇ ਜੇਕਰ ਉਨ੍ਹਾਂ ਨੇ ਆਈ. ਸੀ. ਸੀ. ਨਾਲ ਗੱਲ ਕੀਤੀ ਹੈ ਤਾਂ ਅਸੀਂ ਇਸ ਗਲੋਬਲ ਅਦਾਰੇ ਤੋਂ ਜਾਣਕਾਰੀ ਮੰਗਾਂਗੇ।' ਉਨ੍ਹਾਂ ਕਿਹਾ, 'ਅਜੇ ਤਕ ਇਸ ਮਾਮਲੇ 'ਚ ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ, ਪਰ ਅਸੀਂ ਇਸ ਮੁੱਦੇ ਬਾਰੇ ਹੋਰ ਜਾਣਨਾ ਚਾਹਾਂਗੇ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News