ਗੋਆ ਅੰਤਰਰਾਸ਼ਟਰੀ ਸ਼ਤਰੰਜ : ਸਟੇਨੀ, ਦੀਪਨ ਤੇ ਅਨੁਰਾਗ ਸਾਂਝੀ ਬੜ੍ਹਤ ''ਤੇ
Monday, Oct 15, 2018 - 08:29 PM (IST)

ਗੋਆ (ਨਿਕਲੇਸ਼ ਜੈਨ) : ਗੋਆ ਇੰਟਰਨੈਸ਼ਨਲ ਗ੍ਰੈਂਡਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ 4 ਰਾਊਂਡਾਂ ਤੋਂ ਬਾਅਦ ਭਾਰਤ ਦੇ ਦੀਪਨ ਚਕਰਵਤੀ, ਸਟੇਨੀ ਜੀ.ਏ. ਅਤੇ ਅਨੁਰਾਗ ਮਹਾਮਲ ਆਪਣੇ ਸਾਰੇ ਚਾਰੇ ਮੈਚ ਜਿੱਤ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਆ ਗਏ ਹਨ। ਵਿਦੇਸ਼ੀ ਖਿਡਾਰੀਆਂ ਵਿਚ ਈਰਾਨ ਦੇ ਇਦਾਨੀ ਪੌਯਾ, ਅਰਮੀਨੀਆ ਦੇ ਸਹਿਕਾਇਨ ਸਮਵੇਲ, ਬੰਗਲਾਦੇਸ਼ ਦੇ ਜਿਓਰ ਰਹਿਮਾਨ, ਬੇਲਾਰੂਸ ਦੇ ਸੇਰਗੀ ਕਾਸਪਾਰੋਵ ਅਤੇ ਯੂਕ੍ਰੇਨ ਦੇ ਸਿਵੁਕ ਵਿਤਾਲੀ ਵੀ ਚਾਰੇ ਮੈਚ ਜਿੱਤ ਕੇ 4 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।
ਅੱਜ ਹੋਏ ਮੁਕਾਬਲਿਆਂ ਵਿਚ ਟਾਪ ਸੀਡ ਯੂਕ੍ਰੇਨ ਦੇ ਮਾਰਟਿਨ ਕ੍ਰਾਵਤਸਿਵ ਨੇ ਯੂਕ੍ਰੇਨ ਦੇ ਹੀ ਵੇਲੇਰੀਆ ਨੋਵੇਰੋਵ ਨਾਲ ਡਰਾਅ ਖੇਡਿਆ ਅਤੇ ਇਸ ਦੇ ਨਾਲ ਹੀ 3.5 ਅੰਕਾਂ ਨਾਲ ਉਹ ਦੂਜੇ ਸਥਾਨ 'ਤੇ ਖਿਸਕ ਗਿਆ। ਭਾਰਤੀ ਖਿਡਾਰੀਆਂ ਵਿਚ ਦੀਪਨ ਨੇ ਹਮਵਤਨ ਨੌਜਵਾਨ ਖਿਡਾਰੀ ਪ੍ਰਣਯ ਵੀ. ਨੂੰ, ਅਨੁਰਾਗ ਮਹਾਮਲ ਨੇ ਅਨਿਰੁਧ ਦੇਸ਼ਪਾਂਡੇ ਨੂੰ ਜਦਕਿ ਸਟੇਨੀ ਨੇ ਵੈਂਕਟਰਮਨ ਨੂੰ ਹਰਾਉਂਦਿਆਂ ਆਪਣੀ ਜੇਤੂ ਲੈਅ ਬਰਕਰਾਰ ਰੱਖੀ।ਭਾਰਤੀ ਰਾਸ਼ਟਰੀ ਰੈਪਿਡ ਚੈਂਪੀਅਨ ਆਰ. ਆਰ. ਲਕਸ਼ਮਣ ਨੇ ਬੇਲਾਰੂਸ ਦੇ ਵਾਦਿਮ ਮਲਖਤਕੋਵ ਨਾਲ ਡਰਾਅ ਖੇਡਿਆ ਜਦਕਿ ਨੌਜਵਾਨ ਰਾਹੁਲ ਵੀ. ਐੱਸ. ਨੇ ਤੀਜਾ ਦਰਜਾ ਪ੍ਰਾਪਤ ਰੂਸ ਦੇ ਅਲੈਗਜ਼ੈਂਡਰ ਪ੍ਰੇਦਕੇ ਨੂੰ ਡਰਾਅ ਖੇਡਣ ਲਈ ਮਜਬੂਰ ਕਰ ਦਿੱਤਾ।
ਮਹਿਲਾ ਖਿਡਾਰੀਆਂ ਵਿਚ ਕੋਲੰਬੀਆ ਦੀ ਐਂਜੇਲਾ ਫ੍ਰਾਂਕੋ, ਭਾਰਤ ਦੀ ਮਿਸ਼ੇਲ ਕੇਥ੍ਰੀਨਾ ਤੇ ਸਵਾਤੀ ਘਾਟੇ 'ਤੇ 3 ਅੰਕਾਂ 'ਤੇ ਹਨ ਜਦਕਿ ਆਰਤੀ ਰਾਮਾਸਵਾਮੀ, ਭਗਤੀ ਕੁਲਕਰਨੀ 2.5 ਅੰਕਾਂ 'ਤੇ ਖੇਡ ਰਹੀਆਂ ਹਨ। ਚੈਂਪੀਅਨਸ਼ਿਵ 20 ਅਕਤੂਬਰ ਤੱਕ ਖੇਡੀ ਜਾਵੇਗੀ।