ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਬਾਰੇ ਬਿਆਨ ’ਤੇ ਵਿਸ਼ਵਾਸ ਨਹੀਂ: SGPC ਮੁੱਖ ਸਕੱਤਰ ਕੁਲਵੰਤ ਮੰਨਣ
Monday, May 19, 2025 - 05:24 PM (IST)

ਜਲੰਧਰ/ਅੰਮ੍ਰਿਤਸਰ (ਵੈੱਬ ਡੈਸਕ)-ਪਾਕਿਸਤਾਨ ਫ਼ੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵੱਲੋਂ ਉਨ੍ਹਾਂ ਨੂੰ ਰਸਤੇ ਵਿਚ ਹੀ ਨਸ਼ਟ ਕਰ ਦਿੱਤੇ ਜਾਣ ਦਾ ਮਾਮਲਾ ਭੱਖਣਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨ ਫ਼ੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਇਲਾਂ ਦਾਗਣ ਅਤੇ ਭਾਰਤੀ ਡਿਫੈਂਸ ਸਿਸਟਮ ਵੱਲੋਂ ਨਸ਼ਟ ਕੀਤੇ ਜਾਣ ਦੇ ਕੀਤੇ ਗਏ ਦਾਅਵੇ ਨੂੰ ਖਾਰਿਜ ਕਰਦਿਆਂ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਰਬੱਤ 'ਤੇ ਭਲੇ ਦਾ ਸੰਦੇਸ਼ ਦੇਣ ਵਾਲੇ ਇਸ ਪਾਵਨ ਅਸਥਾਨ ਉਤੇ ਫ਼ੌਜ ਦਾ ਕੋਈ ਜਰਨੈਲ ਮਿਜ਼ਾਈਲ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਮੰਨਣ ਨੇ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਇਸ ਧਾਰਮਿਕ ਅਸਥਾਨ 'ਤੇ ਕੋਈ ਵੀ ਹਮਲਾ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਭਲਕੇ ਲਈ ਹੋ ਗਿਆ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਭਾਰਤ ਦੀ ਫ਼ੌਜ ਹੋਵੇ ਜਾਂ ਫਿਰ ਪਾਕਿਸਤਾਨ ਦੀ ਆਰਮੀ ਹੋਵੇ, ਦੋਹਾਂ ਦੇ ਸਿਆਸੀ ਮਕਸਦ ਹੋ ਸਕਦੇ ਹਨ। ਮੇਰਾ ਯਕੀਨ ਹੈ ਕਿ ਦੋਵੇਂ ਫ਼ੌਜੀਆਂ ਦਾ ਕੋਈ ਵੀ ਜਨਰਲ ਜਾਂ ਫਿਰ ਆਰਮੀ ਕਮਾਂਡਰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਗੱਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹਾ ਪਵਿੱਤਰ ਸਥਾਨ ਹੈ, ਜਿੱਥੇ ਜ਼ਿੰਦਗੀ ਬਖ਼ਸ਼ੀ ਜਾਂਦੀ ਹੈ। ਇਥੇ ਹਰ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਹਾਲ
ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਹਮਲਾ ਵੀ ਕੀਤਾ ਗਿਆ ਪਰ ਭਾਰਤੀ ਫ਼ੌਜ ਨੇ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਦੀ ਮਦਦ ਨਾਲ ਹਮਲੇ ਨੂੰ ਆਸਮਾਨ ਵਿਚ ਵੀ ਰੋਕ ਦਿੱਤਾ ਅਤੇ ਮਿਜ਼ਈਲਾਂ ਨੂੰ ਨਸ਼ਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਹਾਲਾਤ ਪੈਦਾ ਹੋ ਗਏ ਸਨ। ਭਾਰਤ ਵੱਲੋਂ 'ਆਪ੍ਰੇਸ਼ਨ ਸਿੰਦੂਰ' ਕੀਤਾ ਗਿਆ ਸੀ। ਇਸ ਵਿਚ ਪਾਕਿਸਤਾਨ ਵਿਚ ਸਰਗਰਮ 9 ਅੱਤਵਾਦੀ ਟਿਕਾਣੇ ਤਬਾਹ ਹੋਏ ਸਨ ਅਤੇ ਕਰੀਬ 100 ਅੱਤਵਾਦੀ ਮਾਰੇ ਗਏ ਸਨ। ਇਸ ਨਾਲ ਬੌਖ਼ਲਾਏ ਪਾਕਿਸਤਾਨ ਨੇ ਭਾਰਤ ਨਾਲ ਜੰਗ ਹੀ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: Punjab: ਨਸ਼ਾ ਸਮੱਗਲਰ ਨੂੰ ਫੜਨ ਗਈ ਪੁਲਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਚੱਲ ਗਈਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e