ਕ੍ਰਿਕਟ ਕੋਚ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਗਾਂਗੁਲੀ ਨੂੰ ਦਿੱਤੀ ਸੀ ਕੋਚਿੰਗ
Thursday, Jul 30, 2020 - 09:11 PM (IST)
ਕੋਲਕਾਤਾ- ਸਾਬਕਾ ਭਾਰਤੀ ਕਪਤਾਨ ਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਕੋਚਿੰਗ ਦੇ ਚੁੱਕੇ ਅਨੁਭਵੀ ਕੋਚ ਅਸ਼ੋਕ ਮੁਸਤਫੀ ਦਾ ਲੰਮੀ ਬੀਮਾਰੀ ਤੋਂ ਬਾਅਦ ਵੀਰਵਾਰ ਨੂੰ ਸਵੇਰੇ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਉਸ ਦੇ ਪਰਿਵਾਰ 'ਚ ਇਕ ਬੇਟੀ ਹੈ ਜੋ ਲੰਡਨ 'ਚ ਰਹਿੰਦੀ ਹੈ। ਅਸ਼ੋਕ ਦੇ ਪਰਿਵਾਰਕ ਸੂਤਰਾਂ ਨੇ ਬਿਆਨ ਦਿੱਤਾ ਕਿ ਉਹ ਦਿਲ ਨਾਲ ਜੁੜੀ ਬੀਮਾਰੀਆਂ ਤੋਂ ਪੀੜਤ ਸਨ ਤੇ ਅਪ੍ਰੈਲ 'ਚ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਸ਼ੋਕ ਪ੍ਰਸਿੱਧ ਦੁਖੀਰਾਮ ਕੋਚਿੰਗ ਸੈਂਟਰ ਦੇ ਕੋਚ ਸਨ ਜੋ ਬਾਅਦ ਆਰਯਨ ਕਲੱਬ ਗੈਲਰੀਜ ਦੇ ਦਾਇਰੇ 'ਚ ਆਇਆ ਜਿਸ ਨੂੰ ਇਕ ਸਮੇਂ ਬੰਗਾਲ ਕ੍ਰਿਕਟ ਦੀ ਨਰਸਰੀ ਸਮਝਿਆ ਜਾਂਦਾ ਸੀ ਤੇ ਇਸ ਨੇ ਗਾਂਗੁਲੀ ਸਮੇਤ ਇਕ ਦਰਜਨ ਤੋਂ ਜ਼ਿਆਦਾ ਰਣਜੀ ਕ੍ਰਿਕਟਰ ਦਿੱਤੇ। ਗਾਂਗੁਲੀ ਦੇ ਪਿਤਾ ਨੇ ਉਨ੍ਹਾਂ ਨੂੰ ਸ਼ੁਰੂਆਤੀ ਦਿਨਾਂ 'ਚ ਅਸ਼ੋਕ ਦੇ ਕੋਲ ਟ੍ਰੇਨਿੰਗ ਦੇ ਲਈ ਭੇਜਿਆ ਸੀ, ਜਿੱਥੇ ਉਹ ਆਪਣੇ ਦੋਸਤ ਸੰਜੈ ਦਾਸ ਦੇ ਨਾਲ ਕੋਚਿੰਗ ਲੈਂਦੇ ਸਨ। ਪਿਛਲੇ ਮਹੀਨੇ ਅਸ਼ੋਕ ਦੀ ਹਾਲਾਤ ਖਰਾਬ ਹੋ ਗਈ ਸੀ ਤੇ ਗਾਂਗੁਲੀ ਨੇ ਆਪਣੇ ਕਰੀਬੀ ਦੋਸਤ ਸੰਜੈ ਦੇ ਨਾਲ ਮਿਲ ਕੇ ਉਸਦੇ ਇਲਾਜ ਦਾ ਇੰਤਜਾਮ ਕੀਤਾ।