ਟੇਲਰ ਫ੍ਰਿਟਜ਼ ਨੇ ਰੋਕਿਆ ਨਡਾਲ ਦਾ ਜੇਤੂ ਰੱਥ, ਜਿੱਤਿਆ ਇੰਡੀਅਨ ਵੇਲਜ਼ ਦਾ ਖ਼ਿਤਾਬ
Monday, Mar 21, 2022 - 12:43 PM (IST)
ਇੰਡੀਅਨ ਵੇਲਜ਼/ਅਮਰੀਕਾ (ਭਾਸ਼ਾ) : ਟੇਲਰ ਫ੍ਰਿਟਜ਼ ਨੇ ਗਿੱਟੇ ਦੀ ਸੱਟ ਦੇ ਬਾਵਜੂਦ ਰਾਫੇਲ ਨਡਾਲ ਦੀ 20 ਮੈਚਾਂ ਦੀ ਜੇਤੂ ਮੁਹਿੰਮ ਨੂੰ ਰੋਕਦੇ ਹੋਏ ਐਤਵਾਰ ਨੂੰ ਇੱਥੇ ਇੰਡੀਅਨ ਵੇਲਜ਼ ਬੀ.ਐੱਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਫ੍ਰਿਟਜ਼ 'ਤੇ ਸੱਟ ਕਾਰਨ ਮੈਚ ਤੋਂ ਹਟਣ ਦਾ ਦਬਾਅ ਸੀ। ਉਨ੍ਹਾਂ ਦੇ ਕੋਚ ਨੇ ਉਨ੍ਹਾਂ ਨੂੰ ਜੋਖ਼ਮ ਨਾ ਲੈਣ ਦੀ ਸਲਾਹ ਦਿੱਤੀ ਸੀ ਪਰ ਅਮਰੀਕੀ ਖਿਡਾਰੀ ਨੇ ਹਾਰ ਨਹੀਂ ਮੰਨੀ ਅਤੇ ਸਪੇਨ ਦੇ ਮਹਾਨ ਖਿਡਾਰੀ ਨਡਾਲ ਨੂੰ 6-3, 7-5 (6) ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ।
ਨਡਾਲ ਦੀ ਇਸ ਸਾਲ ਇਹ ਪਹਿਲੀ ਹਾਰ ਹੈ, ਜਿਸ ਨੇ ਰਿਕਾਰਡ 21 ਗ੍ਰੈਂਡ ਸਲੈਮ ਜਿੱਤੇ ਹਨ। ਉਹ ਇਸ ਦੌਰਾਨ ਆਸਟ੍ਰੇਲੀਅਨ ਓਪਨ ਦੀ ਖ਼ਿਤਾਬ ਜਿੱਤ ਕੇ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਨੂੰ ਪਛਾੜਦਿਆਂ ਸਭ ਤੋਂ ਵੱਧ ਗ੍ਰੈਂਡ ਸਲੈਮ ਸਿੰਗਲ ਖ਼ਿਤਾਬ ਜਿੱਤਣ ਵਾਲੇ ਪੁਰਸ਼ ਖਿਡਾਰੀ ਬਣੇ ਸਨ। ਫ੍ਰਿਟਜ਼ ਸੈਮੀਫਾਈਨਲ 'ਚ ਸੱਤਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਦੇ ਖ਼ਿਲਾਫ਼ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ। ਨਡਾਲ ਵੀ ਬਿਮਾਰ ਸਨ ਅਤੇ ਫਾਈਨਲ ਦੌਰਾਨ 2 ਵਾਰ 'ਮੈਡੀਕਲ ਟਾਈਮਆਊਟ' ਲਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ।