ਬਲੋਚਿਸਤਾਨ ਟੀਮ ਦੇ 4 ਖਿਡਾਰੀ ਕੋਰੋਨਾ ਪਾਜ਼ੇਟਿਵ, ਪਾਕਿ ਟੀ20 ਚੈਂਪੀਅਨਸ਼ਿਪ ਦੇ ਮੈਚਾਂ ’ਚ ਦਬਲਾਅ
Thursday, Oct 07, 2021 - 12:15 PM (IST)
ਕਰਾਚੀ (ਭਾਸ਼ਾ) : ਬਲੋਚਿਸਤਾਨ ਟੀਮ ਦੇ 4 ਖਿਡਾਰੀ ਬੁੱਧਵਾਰ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ, ਜਿਸ ਨਾਲ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਰਾਸ਼ਟਰੀ ਟੀ20 ਚੈਂਪੀਅਨਸ਼ਿਪ ਦੇ ਮੈਚਾਂ ਵਿਚ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ। ਪੀ.ਸੀ.ਬੀ. ਨੇ ਹਾਲਾਂਕਿ ਖਿਡਾਰੀਆਂ ਦੇ ਨਾਮ ਨਹੀਂ ਦੱਸੇ। ਉਸ ਨੇ ਕਿਹਾ ਕਿ ਮੰਗਲਵਾਰ ਨੂੰ ਸਾਰੇ ਹੋਰ ਭਾਈਗਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੈਸਟ ਕਰਵਾਏ ਗਏ ਸਨ, ਜਿਸ ਵਿਚ ਸਾਰਿਆਂ ਦੇ ਨਤੀਜੇ ਨੈਗੇਟਿਵ ਆਏ ਹਨ।
ਪੀ.ਸੀ.ਬੀ. ਨੇ ਕਿਹਾ, ‘ਬਲੋਚਿਸਤਾਨ ਦੇ 4 ਖਿਡਾਰੀਆਂ ਨੂੰ 10 ਦਿਨ ਦੇ ਇਕਾਂਤਵਾਸ ਵਿਚ ਰੱਖਿਆ ਗਿਆ ਹੈ ਅਤੇ ਹੋਰ ਸਾਰੇ ਖਿਡਾਰੀ ਜਾਂਚ ਵਿਚ ਨੈਗੇਟਿਵ ਆਏ ਹਨ ਅਤੇ ਉਹ ਟੂਰਨਾਮੈਂਟ ਵਿਚ ਹਿੱਸਾ ਲੈਣਾ ਜਾਰੀ ਰੱਖਣਗੇ।’ ਬਲੋਚਿਸਤਾਨ ਨੂੰ ਬੁੱਧਵਾਰ ਨੂੰ ਉਤਰੀ ਪੰਜਾਬ ਨਾਲ ਖੇਡਣਾ ਸੀ ਪਰ ਹੁਣ ਇਸ ਮੈਚ ਦਾ ਸਮਾਂ ਬਦਲ ਦਿੱਤਾ ਗਿਆ ਹੈ, ਜਿਸ ਨਾਲ ਉਤਰੀ ਪੰਜਾਬ ਹੁਣ ਦੱਖਣੀ ਪੰਜਾਬ ਨਾਲ ਖੇਡੇਗਾ। ਪੀ.ਸੀ.ਬੀ. ਨੇ ਇਹ ਵੀ ਪੁਸ਼ਟੀ ਕੀਤੀ ਕਿ ਆਗਾਮੀ ਟੀ20 ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਵਿਚ ਚੁਣੇ ਗਏ ਖਿਡਾਰੀ ਵੀਰਵਾਰ ਦੇ ਬਾਅਦ ਰਾਸ਼ਟਰੀ ਮੁਕਾਬਲੇ ਵਿਚ ਨਹੀਂ ਖੇਡਣਗੇ, ਕਿਉਂਕਿ ਆਈ.ਸੀ.ਸੀ. ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਨ੍ਹਾਂ ਨੂੰ ਟੂਰਨਾਮੈਂਟ ਦੇ ‘ਬਾਇਓ-ਬਬਲ’ ਵਿਚ ਪ੍ਰਵੇਸ਼ ਕਰਨਾ ਹੋਵੇਗਾ।