ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਫ਼ੁੱਟਬਾਲਰ ਫ਼੍ਰੈਂਕੋ ਦਾ ਦਿਹਾਂਤ
Monday, May 10, 2021 - 05:55 PM (IST)
ਸਪੋਰਟਸ ਡੈਸਕ— ਭਾਰਤ ਦੀ 1962 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਟੀਮ ਦੇ ਮੈਂਬਰ ਰਹੇ ਫ਼ੋਰਟੂਨਾਟੋ ਫ਼੍ਰੈਂਕੋ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਸਰਬ ਭਾਰਤੀ ਫ਼ੁੱਟਬਾਲ ਮਹਾਸੰਘ (ਏ. ਆਈ. ਐੱਫ਼. ਐੱਫ਼) ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਪਰ ਮੌਤ ਦਾ ਕਾਰਨ ਨਹੀਂ ਦੱਸਿਆ। ਫ਼੍ਰੈਂਕੋ ਦੇ ਪਰਿਵਾਰ ’ਚ ਪਤਨੀ, ਪੁੱਤਰ ਤੇ ਧੀ ਹੈ। ਭਾਰਤ ਦੇ ਫ਼ੁੱਟਬਾਲ ਦੇ ਸਰਵਸ੍ਰੇਸ਼ਠ ਖਿਡਾਰੀਆਂ ’ਚੋਂ ਇਕ ਫ਼੍ਰੈਂਕੋ 1960 ਤੋਂ 1964 ਤਕ ਭਾਰਤੀ ਫ਼ੁੱਟਬਾਲ ਦੇ ਸੁਨਹਿਰੀ ਯੁੱਗ ਦਾ ਹਿੱਸਾ ਸਨ।
ਇਹ ਵੀ ਪੜ੍ਹੋ : ਪਹਿਲਵਾਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਵਧੀਆਂ, ਕਤਲ ਦੇ ਮਾਮਲੇ ’ਚ ਜਾਰੀ ਹੋਇਆ ਲੁਕ ਆਊਟ ਨੋਟਿਸ
ਉਹ 1960 ਦੇ ਰੋਮ ਓਲੰਪਿਕ ’ਚ ਵੀ ਭਾਰਤੀ ਟੀਮ ਦਾ ਹਿੱਸਾ ਸਨ ਪਰ ਉਨ੍ਹਾਂ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਪਰ ਉਹ ਜਕਾਰਤਾ ’ਚ 1962 ’ਚ ਖੇਡੀਆਂ ਗਈਆਂ ਏਸ਼ੀਆਈ ਖੇਡਾਂ ’ਚ ਭਾਰਤੀ ਟੀਮ ਦਾ ਅਹਿਮ ਹਿੱਸਾ ਸਨ। ਫ਼੍ਰੈਂਕੋ ਨੇ ਭਾਰਤ ਵੱਲੋਂ 26 ਮੈਚ ਖੇਡੇ। ਇਸ ’ਚ 1962 ਦਾ ਏਸ਼ੀਆਈ ਕੱਪ ਵੀ ਸ਼ਾਮਲ ਹੈ ਜਿਸ ’ਚ ਭਾਰਤ ਉਪ ਜੇਤੂ ਰਿਹਾ ਸੀ। ਉਹ ਮਰਡੇਕਾ ਕੱਪ ’ਚ 1964 ਤੇ 1965 ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।
ਇਹ ਵੀ ਪੜ੍ਹੋ : ਕਪਤਾਨ ਵਿਰਾਟ ਕੋਹਲੀ ਤੇ ਇਸ਼ਾਂਤ ਸ਼ਰਮਾ ਨੇ ਲਗਵਾਈ ਵੈਕਸੀਨ ਦੀ ਪਹਿਲੀ ਡੋਜ਼
ਉਨ੍ਹਾਂ ਨੇ ਹਾਲਾਂਕਿ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ 1962 ਏਸ਼ੀਆਈ ਖੇਡਾਂ ਦੇ ਫ਼ਾਈਨਲ ’ਚ ਕੀਤਾ ਸੀ ਜਦੋਂ ਭਾਰਤ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ ਸੀ। ਗੋਆ ਦੇ ਰਹਿਣ ਵਾਲੇ ਫ਼੍ਰੈਂਕੋ ਘਰੇਲੂ ਪੱਧਰ ’ਤੇ ਮੁੰਬਈ ਦੇ ਟਾਟਾ ਫ਼ੁੱਟਬਾਲ ਕਲੱਬ ਵੱਲੋਂ ਖੇਡਦੇ ਸਨ। ਏ. ਆਈ. ਐੱਫ਼. ਐੱਫ਼ ਪ੍ਰਧਾਨ ਪ੍ਰਫ਼ੁੱਲ ਪਟੇਲ ਤੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।