ਸਾਬਕਾ ਕ੍ਰਿਕਟਰ ਮਿਥੁਨ ਮਨਹਾਸ BCCI ਪ੍ਰਧਾਨ ਦੀ ਦੌੜ ’ਚ ਸਭ ਤੋਂ ਅੱਗੇ
Monday, Sep 22, 2025 - 04:00 PM (IST)

ਸਪੋਰਟਸ ਡੈਸਕ- ਦਿੱਲੀ ਦੇ ਸਾਬਕਾ ਕਪਤਾਨ ਮਿਥੁਨ ਮਨਹਾਸ ਬੀਸੀਸੀਆਈ ਦੇ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੀ ਦੌੜ ’ਚ ਸਭ ਤੋਂ ਅੱਗੇ ਹਨ। ਮਿਥੁਨ ਮਨਹਾਸ ਨੇ ਬੀਸੀਸੀਆਈ ਪ੍ਰਧਾਨ ਦੇ ਅਹੁਦੇ ਲਈ ਐਤਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਭਾਰਤੀ ਕ੍ਰਿਕਟ ਬੋਰਡ ਦੇ ਕੁਝ ਤਜਰਬੇਕਾਰ ਪ੍ਰਸ਼ਾਸਕਾਂ ਅਤੇ ਮੁੱਖ ਫੈਸਲਾ ਲੈਣ ਵਾਲਿਆਂ ਨੇ ਸ਼ਨੀਵਾਰ ਨੂੰ ਇੱਥੇ ਇੱਕ ਗੈਰ-ਰਸਮੀ ਮੀਟਿੰਗ ਕੀਤੀ ਹੈ। ਇਹ ਮੀਟਿੰਗ 28 ਸਤੰਬਰ ਨੂੰ ਸਾਲਾਨਾ ਆਮ ਮੀਟਿੰਗ ਤੋਂ ਪਹਿਲਾਂ ਬੋਰਡ ਵਿੱਚ ਖਾਲੀ ਅਸਾਮੀਆਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਰੱਖੀ ਗਈ ਸੀ।
ਖ਼ਬਰਾਂ ਅਨੁਸਾਰ ਇਨ੍ਹਾਂ ਅਹੁਦਿਆਂ ਲਈ ਦਾਅਵੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ। ਇਨ੍ਹਾਂ ਵਿੱਚ ਮਨਹਾਸ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੇ ਪ੍ਰਧਾਨ ਰਘੂਰਾਮ ਭੱਟ ਸ਼ਾਮਲ ਹਨ। ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਿਖਰਲਾ ਅਹੁਦਾ ਮਨਹਾਸ ਨੂੰ ਜਾ ਸਕਦਾ ਹੈ, ਜਿਨ੍ਹਾਂ ਜੰਮੂ ਅਤੇ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਦੇ ਨਾਲ ਕ੍ਰਿਕਟ ਸੰਚਾਲਨ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ। ਮਨਹਾਸ ਨੂੰ ਕਦੇ ਵੀ ਭਾਰਤੀ ਟੀਮ ਵਿੱਚ ਥਾਂ ਨਹੀਂ ਮਿਲੀ, ਪਰ ਉਸ ਨੇ 157 ਪਹਿਲੇ ਦਰਜੇ ਦੇ ਮੈਚ ਖੇਡੇ ਅਤੇ 27 ਸੈਂਕੜੇ ਸਮੇਤ 45 ਤੋਂ ਵੱਧ ਦੀ ਔਸਤ ਨਾਲ 9714 ਦੌੜਾਂ ਬਣਾਈਆਂ ਹਨ।