ਬੰਗਲਾਦੇਸ਼ ਦੇ ਸਾਬਕਾ ਕਪਤਾਨ ਨੂੰ ਹੋਇਆ ਕੋਰੋਨਾ, ਹਸਪਤਾਲ ''ਚ ਦਾਖਲ
Thursday, Nov 19, 2020 - 10:19 PM (IST)
ਢਾਕਾ- ਬੰਗਲਾਦੇਸ਼ ਦੇ ਸਾਬਕਾ ਕਪਤਾਨ ਤੇ ਮੁੱਖ ਚੋਣਕਾਰ ਹਬੀਬੁਲ ਬਸ਼ਰ 12 ਨਵੰਬਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਉਸ ਨੂੰ ਫੇਫੜਿਆਂ 'ਚ ਲਾਗ ਦੀ ਸ਼ਿਕਾਇਤ ਹੋਣ ਦੇ ਕਾਰਨ 16 ਨਵੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਸ਼ਰ ਨੇ ਵੀਰਵਾਰ ਨੂੰ ਕਿਹਾ ਕਿ ਮੈਨੂੰ ਸੋਮਵਾਰ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ। ਡਾਕਟਰਾਂ ਨੇ ਕਿਹਾ ਕਿ ਮੇਰੇ ਫੇਫੜਿਆਂ ਦੀ ਲਾਗ ਵਧ ਗਈ ਹੈ ਤੇ ਮੈਨੂੰ ਤੁਰੰਤ ਹਸਪਤਾਲ 'ਚ ਦਾਖਲ ਹੋਣਾ ਹੋਵੇਗਾ। ਮੈਨੂੰ ਇਸ ਸਮੇਂ ਕੋਈ ਬੁਖਾਰ ਨਹੀਂ ਹੈ ਪਰ ਫੇਫੜਿਆਂ 'ਚ ਲਾਗ ਦੇ ਕਾਰਨ ਮੇਰਾ ਬੁਖਾਰ ਉਤਰ ਨਹੀਂ ਰਿਹਾ। ਸਾਹ ਦੀ ਸਮੱਸਿਆ ਨਾ ਹੋਣ ਦੇ ਕਾਰਨ ਹੁਣ ਮੈਂ ਥੋੜਾ ਬਿਹਤਰ ਮਹਿਸੂਸ ਕਰ ਰਿਹਾ ਹਾਂ ਤੇ ਉਮੀਦ ਹੈ ਕਿ ਮੈਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਬਸ਼ਰ ਨੇ ਬੰਗਾਲਦੇਸ਼ ਦੇ ਲਈ 50 ਟੈਸਟ 'ਚ 3026 ਦੌੜਾਂ ਬਣਾਈਆਂ ਹਨ ਜਿਸ 'ਚ ਤਿੰਨ ਸੈਂਕੜੇ ਤੇ 24 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 14 ਅਰਧ ਸੈਂਕੜਿਆਂ ਦੀ ਮਦਦ ਨਾਲ 111 ਵਨ ਡੇ 'ਚ 2168 ਦੌੜਾਂ ਬਣਾਈਆਂ ਹਨ। ਬੰਗਲਾਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 2364 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।