ਇੰਡੋਨੇਸ਼ੀਆ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਏਸ਼ੀਆਈ ਖੇਡਾਂ ਦੇ ਸਟੇਡੀਅਮ ਦਾ ਕੀਤਾ ਨੁਕਸਾਨ
Sunday, Jul 22, 2018 - 09:09 PM (IST)
ਪਾਲੇਮਬੈਂਗ : ਇੰਡੋਨੇਸ਼ੀਆ ਦੇ ਨਾਰਾਜ਼ ਫੁੱਟਬਾਲ ਪ੍ਰਸ਼ੰਸਕਾਂ ਨੇ ਅਗਲੇ ਮਹੀਨੇ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਸਟੇਡੀਅਮ 'ਚ ਪਲਾਸਟਿਕ ਦੀਆਂ ਕੁਰਸੀਆਂ ਤੋੜ ਦਿੱਤੀਆਂ ਅਤੇ ਮੈਦਾਨ 'ਤੇ ਸੁੱਟ ਦਿੱਤਾ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼੍ਰੀ ਵਿਜਯਾ ਐੱਫ. ਸੀ. ਅਤੇ ਅਰੇਮਾ ਐੱਫ. ਸੀ. ਵਿਚਾਲੇ ਕੱਲ ਹੋਏ ਮੈਚ 'ਚ ਹਫੜਾ-ਤਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਪ੍ਰਸ਼ੰਸਕਾਂ ਨੇ ਸੁਮਾਤਰਾ ਦੀਪ, ਪਾਲੇਮਬੈਂਗ ਦੇ ਗੇਲੋਰਾ ਸ਼੍ਰੀ ਵਿਜਯਾ ਸਟੇਡੀਅਮ 'ਚ ਸੀਟਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਤਸਵੀਰਾਂ 'ਚ ਦਿਖਾਇਆ ਗਿਆ ਕਿ ਕਈ ਰੰਗਾਂ ਦੀਆਂ ਕੁਰਸੀਆਂ ਮੈਦਾਨ ਦੇ ਕਿਨਾਰੇ ਪਈਆਂ ਹਨ। ਮੈਦਾਨ ਦੇ ਚਾਰੇ ਪਾਸੇ ਐਥਲੈਟਿਕਸ ਟ੍ਰੈਕ ਵੀ ਹੈ।

ਸਟੇਡੀਅਮ ਦੇ ਸੁਰੱਖਿਆ ਅਧਿਕਾਰੀ ਰੂਸਲੀ ਨਾਵੀ ਨੇ ਦੱਸਿਆ ਕਿ 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ ਖੇਡਾਂ ਦੇ ਲਈ ਸਟੇਡੀਅਮ ਦੀ ਮੁਰੰਮਤ ਕੀਤੀ ਗਈ ਅਤੇ ਕੱਲ ਹੋਈ ਘਟਨਾ 'ਚ ਲੱਗਭਗ 335 ਸੀਟਾਂ ਨੂੰ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ, ਇਨਾਂ ਵਿਚੋਂ ਅੱਧੀਆਂ ਸੀਟਾਂ ਨੂੰ ਬਦਲ ਕੇ ਇੰਡੋਨੇਸ਼ੀਆ ਤੋਂ ਮੰਗਵਾਉਣਾ ਹੋਵੇਗਾ।

