ਹਾਲੈਂਡ ਦੇ ਧਾਕੜ ਫੁੱਟਬਾਲਰ ਆਰਜੇਨ ਰਾਬੇਨ ਨੇ ਲਿਆ ਸੰਨਿਆਸ
Friday, Jul 05, 2019 - 05:04 PM (IST)

ਬਰਲਿਨ— ਹਾਲੈਂਡ ਦੇ ਸਟਾਰ ਵਿੰਗਰ 35 ਸਾਲ ਦੇ ਆਰਜੇਨ ਰਾਬੇਨ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ ਜਿਸ ਦੇ ਨਾਲ ਉਨ੍ਹਾਂ ਦੇ ਦੋ ਦਹਾਕਿਆਂ ਦੇ ਸੁਨਹਿਰੇ ਕਰੀਅਰ 'ਤੇ ਵਿਰਾਮ ਲੱਗ ਗਿਆ ਹੈ। ਆਪਣੇ ਨਿੱਜੀ ਬਿਆਨ 'ਚ ਰਾਬਨੇ ਨੇ ਕਿਹਾ ਕਿ ਉਹ ਬਹੁਤ ਮੁਸ਼ਕਲ ਨਾਲ ਇਹ ਫੈਸਲਾ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ, ''ਯਕੀਨੀ ਤੌਰ 'ਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਫੈਸਲਾ ਸੀ। ਮੈਂ ਹੁਣ ਖ਼ੁਦ ਨੂੰ ਰੋਕਣ ਜਾ ਰਿਹਾ ਹੈ, ਪਰ ਇਹ ਕਰਨਾ ਸਹੀ ਹੈ।''
ਰਾਬੇਨ ਨੇ ਜਰਮਨ ਚੈਂਪੀਅਨ ਬਾਇਰਨ ਮਿਊਨਿਖ ਵੱਲੋਂ 10 ਸਾਲਾਂ ਤਕ ਫੁੱਟਬਾਲ ਖੇਡਿਆ, ਉਨ੍ਹਾਂ ਦਾ ਕਲੱਬ ਦੇ ਨਾਲ 30 ਜੂਨ ਨੂੰ ਕਰਾਰ ਸਮਾਪਤ ਹੋ ਰਿਹਾ ਹੈ। ਰਾਬੇਨ ਦੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਐੱਫ.ਸੀ. ਗ੍ਰੋਨਿਨਗੇਨ ਵੱਲੋਂ ਹੋਈ। ਉਹ ਸਾਲ 2010 ਵਰਲਡ ਕੱਪ ਫਾਈਨਲ 'ਚ ਟੀਮ ਦਾ ਹਿੱਸਾ ਰਹੇ ਜਦਕਿ 2014 ਵਰਲਡ ਕੱਪ 'ਚ ਉਨ੍ਹਾਂ ਦੀ ਟੀਮ ਤੀਜੇ ਨੰਬਰ 'ਤੇ ਰਹੀ ਸੀ। ਉਨ੍ਹਾਂ ਨੇ ਚੇਲਸੀ 'ਚ ਜੋਸ ਮੋਰਿਨਹੋ ਦੇ ਮਾਰਗਦਰਸ਼ਨ 'ਚ ਦੋ ਪ੍ਰੀਮਅਰ ਲੀਗ ਖਿਤਾਬ ਸਾਲ 2005 ਅਤੇ 2006 'ਚ ਜਿੱਤੇ ਜਦਕਿ ਰੀਅਲ ਮੈਡ੍ਰਿਡ ਲਈ ਲਾ ਲੀਗਾ ਜੇਤੂ ਬਣੇ।