ਪੈਰਿਸ ਓਲੰਪਿਕ 'ਚ ਡੋਪਿੰਗ ਦਾ ਪਹਿਲਾ ਮਾਮਲਾ, ਇਰਾਕ ਦਾ ਜੂਡੋਕਾ ਡੋਪਿੰਗ ਟੈਸਟ 'ਚ ਪਾਜ਼ੀਟਿਵ
Saturday, Jul 27, 2024 - 05:22 PM (IST)
ਪੈਰਿਸ- ਪੈਰਿਸ ਓਲੰਪਿਕ ਵਿੱਚ ਡੋਪਿੰਗ ਦੇ ਪਹਿਲੇ ਮਾਮਲੇ ਵਿੱਚ ਇਰਾਕ ਦਾ ਇੱਕ ਪੁਰਸ਼ ਜੂਡੋਕਾ ਦੋ ਪਾਬੰਦੀਸ਼ੁਦਾ ਪਦਾਰਥਾਂ (ਐਨਾਬੋਲਿਕ ਸਟੇਰਾਇਡ) ਦੀ ਵਰਤੋਂ ਲਈ ਪਾਜ਼ੇਟਿਵ ਪਾਇਆ ਗਿਆ ਹੈ। ਅੰਤਰਰਾਸ਼ਟਰੀ ਜਾਂਚ ਏਜੰਸੀ (ਆਈ.ਟੀ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ 28 ਸਾਲਾ ਸੱਜਾਦ ਸੇਹੇਨ ਦੇ ਨਮੂਨੇ 'ਚ ਪਾਬੰਦੀਸ਼ੁਦਾ ਪਦਾਰਥ ਮੇਟਾਂਡਿਏਨੋਨ ਅਤੇ ਬੋਲਡੇਨੋਨ ਪਾਜ਼ੇਟਿਵ ਪਾਇਆ ਗਿਆ ਹੈ। ਇਸ 28 ਸਾਲਾ ਖਿਡਾਰੀ ਨੂੰ ਮੰਗਲਵਾਰ ਨੂੰ ਮੁਕਾਬਲਾ ਕਰਨਾ ਸੀ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ ਲਈ ਡੋਪਿੰਗ ਰੋਕੂ ਪ੍ਰੋਗਰਾਮ ਦੀ ਨਿਗਰਾਨੀ ਕਰਨ ਵਾਲੀ ਆਈਟੀਏ ਨੇ ਕਿਹਾ ਕਿ ਅਥਲੀਟ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਏਜੰਸੀ ਨੇ ਕਿਹਾ, "ਇਸਦਾ ਮਤਲਬ ਹੈ ਕਿ ਐਥਲੀਟ ਨੂੰ ਓਲੰਪਿਕ ਖੇਡਾਂ ਦੌਰਾਨ ਮੁਕਾਬਲੇ, ਸਿਖਲਾਈ, ਕੋਚਿੰਗ ਜਾਂ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾਂਦਾ ਹੈ।" ਸੇਹੇਨ ਨੇ ਪੁਰਸ਼ਾਂ ਦੇ 81 ਕਿਲੋਗ੍ਰਾਮ ਵਰਗ ਵਿੱਚ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਆਖਰੀ 32 ਗੇੜ ਵਿੱਚ ਉਜ਼ਬੇਕਿਸਤਾਨ ਦੇ ਵਿਰੋਧੀ ਨਾਲ ਮੁਕਾਬਲਾ ਕਰਨਾ ਸੀ।