ਫਿੰਚ ਨੇ ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਟੀਮ ਨੂੰ ਦਿੱਤੀ ਇਹ ਨਸੀਹਤ
Monday, Feb 18, 2019 - 02:54 PM (IST)

ਮੈਲਬੋਰਨ : ਆਸਟਰੇਲੀਆ ਕ੍ਰਿਕਟਰ ਟੀਮ ਦੇ ਵਨ ਡੇ ਸਵਰੂਪ ਦੇ ਕਪਤਾਨ ਐਰੋਨ ਫਿੰਚ ਨੇ ਕਿਹਾ, ''ਭਾਰਤ ਵਰਗੀ ਟੀਮ ਖਿਲਾਫ ਉਸ ਦੇ ਘਰ ਵਿਚ ਖੇਡਣ ਲਈ ਆਤਮਵਿਸ਼ਵਾਸ ਦੇ ਨਾਲ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਆਸਟਰੇਲੀਆਈ ਟੀਮ ਨੂੰ 24 ਫਰਵਰੀ ਤੋਂ ਦੋ ਪੱਖੀ ਕ੍ਰਿਕਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰਨਾ ਹੈ। ਇਸ ਸੀਰੀਜ਼ ਨੂੰ ਵਿਸ਼ਵ ਕੱਪ ਦੀ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿੱਥੇ ਟੀਮ ਨੂੰ 2 ਟੀ-20 ਤੋਂ ਬਾਅਦ 5 ਵਨ ਡੇ ਮੈਚ ਖੇਡਣੇ ਹਨ। ਫਿੰਚ ਦੀ ਕਪਤਾਨੀ ਵਿਚ ਮੈਲਬੋਰਨ ਰੇਨੇਗੇਡਸ ਨੇ ਐਤਵਾਰ ਨੂੰ ਮੈਲਬੋਰਨ ਸਟਾਰਸ ਨੂੰ 12 ਦੌੜਾਂ ਨਾਲ ਹਰਾ ਕੇ ਆਸਰੇਲੀਆ ਦੇ ਘਰੇਲੂ ਟੀ-20 ਟੂਰਨਾਮੈਂਟ ਬਿਗ ਬੈਸ਼ ਲੀਗ (ਬੀ. ਬੀ. ਐੱਲ.) ਦਾ ਖਿਤਾਬ ਜਿੱਤਿਆ।
ਫਿੰਚ ਨੇ ਕਿਹਾ ਕਿ ਭਾਰਤ ਖਿਲਾਫ ਖੇਡਣ ਲਈ ਉਸ ਨੂੰ ਬੀ. ਬੀ. ਐੱਲ. ਵਿਚ ਮਿਲੀ ਜਿੱਤ ਦੇ ਜੋਸ਼ ਦੀ ਜ਼ਰੂਰਤ ਨਹੀਂ। ਉਸ ਨੇ ਕ੍ਰਿਕਟ ਆਸਟਰੇਲੀਆ ਦੀ ਅਧਿਕਾਰਤ ਵੈਬਸਾਈਟ ਨੂੰ ਕਿਹਾ, ''ਮੈਨੂੰ ਨਹੀਂ ਲਗਦਾ ਕਿ ਜਦੋਂ ਤੁਸੀਂ ਆਸਟਰੇਲੀਆ ਟੀਮ ਦੇ ਨਾਲ ਦੌਰੇ 'ਤੇ ਜਾਂਦੇ ਹੋ, ਖਾਸ ਕਰ ਭਾਰਤ ਦੌਰੇ 'ਤੇ ਤਾਂ ਤੁਹਾਨੂੰ ਕਿਸੇ ਵੱਖ ਤਰ੍ਹਾਂ ਦੇ ਜੋਸ਼ ਦੀ ਜ਼ਰੂਰਤ ਹੁੰਦੀ ਹੈ। ਇਸ ਸਲਾਮੀ ਬੱਲੇਬਾਜ਼ ਨੇ ਕਿਹਾ ਜੇਕਰ ਤੁਸੀਂ ਥੋੜੀ ਵੀ ਲਾਪਰਵਾਹੀ ਕੀਤੀ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਭਾਰਤ ਘਰੇਲੂ ਹਾਲਾਤਾਂ ਵਿਚ ਸਰਵਸ੍ਰੇਸ਼ਠ ਵਨ ਡੇ ਟੀਮ ਹੈ। ਮੈਨੂੰ ਲਗਦਾ ਹੈ ਕਿ ਭਾਰਤ ਖਿਲਾਫ ਤੁਹਾਨੂੰ ਪੂਰੇ ਆਤਮਵਿਸ਼ਵਾਸ ਅਤੇ ਸਾਫ ਖੇਡ ਯੋਜਨਾ ਦੇ ਨਾਲ ਖੇਡਣਾ ਹੋਵੇਗਾ। ਫਿੰਚ ਲਈ ਇਹ ਸੈਸ਼ਨ ਉਤਰਾਅ-ਚੜਾਅ ਭਰਿਆ ਰਿਹਾ ਹੈ। ਜਿੱਥੇ ਉਸ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਵਨ ਡੇ ਟੀਮ ਦਾ ਕਪਤਾਨ ਬਣਾਇਆ ਗਿਆ। ਉਸ ਨੇ ਟੈਸਟ ਵਿਚ ਡੈਬਿਊ ਕੀਤਾ ਪਰ ਖਰਾਬ ਪ੍ਰਦਰਸ਼ਨ ਕਾਰਨ ਉਹ ਟੀਮ ਵਿਚੋਂ ਬਾਹਰ ਹੋ ਗਏ। ਉਹ ਛੋਟੇ ਸਵਰੂਪ ਵਿਚ ਵੀ ਪਹਿਲਾਂ ਦੀ ਤਰ੍ਹਾਂ ਤੇਜ਼ ਬੱਲੇਬਾਜ਼ੀ ਨਹੀਂ ਕਰ ਪਾ ਰਹੇ। ਬੀ. ਬੀ. ਐੱਲ. ਫਾਈਨਲ ਵਿਚ ਉਹ 13 ਦੌੜਾਂ ਬਣਾ ਕੇ ਬਦਕਿਸਮਤ ਤਰੀਕੇ ਨਾਲ ਰਨਆਊਟ ਹੋ ਗਏ ਸਨ।