FIH ਮਹਿਲਾ ਪ੍ਰੋ ਲੀਗ : ਭਾਰਤ ਸਾਹਮਣੇ ਮਜ਼ਬੂਤ ਨੀਦਰਲੈਂਡ ਦੀ ਚੁਣੌਤੀ

Tuesday, Feb 13, 2024 - 07:19 PM (IST)

FIH ਮਹਿਲਾ ਪ੍ਰੋ ਲੀਗ : ਭਾਰਤ ਸਾਹਮਣੇ ਮਜ਼ਬੂਤ ਨੀਦਰਲੈਂਡ ਦੀ ਚੁਣੌਤੀ

ਰਾਓਰਕੇਲਾ, (ਭਾਸ਼ਾ)– ਪਿਛਲੇ ਕੁਝ ਸਮੇਂ ਤੋਂ ਖਰਾਬ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ ਜਦੋਂ ਬੁੱਧਵਾਰ ਨੂੰ ਇੱਥੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੌਜੂਦਾ ਸੈਸ਼ਨ ਵਿਚ ਹੁਣ ਤਕ ਅਜੇਤੂ ਰਹੇ ਨੀਦਰਲੈਂਡ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਉਸਦੇ ਸਾਹਮਣੇ ਲੈਅ ਹਾਸਲ ਕਰਨ ਦੀ ਚੁਣੌਤੀ ਹੋਵੇਗੀ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਤੋਂ ਭਾਰਤੀ ਟੀਮ ਦੇ ਪ੍ਰਦਰਸ਼ਨ ਵਿਚ ਲਗਾਤਾਰ ਗਿਰਾਵਟ ਆਈ ਹੈ।

ਭੁਵਨੇਸ਼ਵਰ ਤੇ ਰਾਓਰਕੇਲਾ ਵਿਚ ਜਾਰੀ ਮੌਜੂਦਾ ਪ੍ਰੋ ਲੀਗ ਵਿਚ ਟੀਮ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਸਵਿਤਾ ਪੂਨੀਆ ਦੀ ਕਪਤਾਨੀ ਵਿਚ ਟੀਮ ਮੌਜੂਦਾ ਸੈਸ਼ਨ ਵਿਚ 5 ਮੈਚਾਂ ਵਿਚੋਂ ਸਿਰਫ 1 ਮੁਕਾਬਲਾ ਜਿੱਤਣ ਵਿਚ ਸਫਲ ਰਹੀ ਹੈ। ਭਾਰਤੀ ਟੀਮ ਨੂੰ ਆਪਣੇ ਘਰੇਲੂ ਮੈਦਾਨ ’ਚ ਚੀਨ (1-2), ਨੀਦਰਲੈਂਡ (1-3) ਤੇ ਆਸਟ੍ਰੇਲੀਆ (0-3) ਵਿਰੁੱਧ ਲਗਾਤਾਰ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਟੀਮ ਨੇ ਇਸ ਤੋਂ ਬਾਅਦ ਅਮਰੀਕਾ ਨੂੰ 3-1 ਨਾਲ ਹਰਾ ਕੇ ਵਾਪਸੀ ਕੀਤੀ ਪਰ ਸੋਮਵਾਰ ਨੂੰ ਚੀਨ ਤੋਂ ਫਿਰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਭਾਰਤ ਨੂੰ ਆਪਣੇ ਅਗਲੇ ਮੁਕਾਬਲੇ ਵਿਚ ਸਭ ਤੋਂ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਨੀਦਰਲੈਂਡ ਦੀ ਟੀਮ 9 ਮੈਚਾਂ ਵਿਚੋਂ 27 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਹੈ। ਭਾਰਤ ਇਸ ਸਮੇਂ 9 ਟੀਮਾਂ ਦੀ ਲੀਗ ਵਿਚ 5 ਮੈਚਾਂ ਵਿਚੋਂ ਸਿਰਫ 3 ਅੰਕਾਂ ਨਾਲ 5ਵੇਂ ਸਥਾਨ ’ਤੇ ਹੈ। ਭਾਰਤੀ ਕਪਤਾਨ ਸਵਿਤਾ ਪੂਨੀਅਾ ਨੇ ਕਿਹਾ,‘‘ਸਾਨੂੰ ਉਹ ਨਤੀਜੇ ਨਹੀਂ ਮਿਲੇ, ਜਿਹੜੇ ਅਸੀਂ ਚਾਹੁੰਦੇ ਸੀ ਪਰ ਮੇਰਾ ਮੰਨਣਾ ਹੈ ਕਿ ਸਾਡੇ ਕੋਲ ਚੰਗਾ ਪ੍ਰਦਰਸ਼ਨ ਕਰਨ ਤੇ ਆਪਣੇ ਵਲੋਂ ਕੁਝ ਅੰਕ ਹਾਸਲ ਕਰਨ ਲਈ ਲੋੜੀਦੀਆਂ ਚੀਜ਼ਾਂ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਟੁਕੜਿਆਂ ਵਿਚ ਚੰਗਾ ਖੇਡ ਰਹੇ ਹਾਂ ਪਰ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਹੈ।

ਭਾਰਤੀ ਫਾਰਵਰਡ ਲਾਈਨ ਨੂੰ ਹੁਣ ਤਕ ਘੱਟ ਹੀ ਸਫਲਤਾ ਮਿਲੀ ਹੈ, ਜਿਸ ਵਿਚ ਸੰਗੀਤਾ ਕੁਮਾਰੀ, ਵੰਦਨਾ ਕਟਾਰੀਆ, ਦੀਪਿਕਾ, ਨਵਨੀਤ ਕੌਰ ਤੇ ਸਲੀਮਾ ਟੇਟੇ ਗੋਲ ਕਰਨ ਵਿਚ ਸਫਲ ਰਹੀਆਂ। ਟੀਮ ਨੂੰ ਸਭ ਤੋਂ ਵੱਡਾ ਝਟਕਾ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਦੀ ਅਸਫਲਤਾ ਨਾਲ ਲੱਗ ਰਿਹਾ ਹੈ। ਓਲੰਪਿਕ ਕੁਆਲੀਫਾਇਰ ਤੋਂ ਬਾਅਦ ਟੀਮ ਨੂੰ 5 ਮੈਚਾਂ ਵਿਚ 21 ਪੈਨਲਟੀ ਕਾਰਨਰ ਮਿਲੇ ਪਰ ਇਨ੍ਹਾਂ ਵਿਚੋਂ ਇਕ ਵੀ ਗੋਲ ਵਿਚ ਨਹੀਂ ਬਦਲਿਆ। ਨੀਦਰਲੈਂਡ ਨੂੰ ਚੁਣੌਤੀ ਦੇਣ ਲਈ ਬੁੱਧਵਾਰ ਨੂੰ ਗੁਰਜੀਤ ਕੌਰ, ਦੀਪਿਕਾ ਤੇ ਓਦਿਤਾ ਵਰਗੀਆਂ ਖਿਡਾਰਨਾਂ ਨੂੰ ਪੈਨਲਟੀ ਕਾਰਨਰ ਦੇ ਮੌਕਿਆਂ ਦਾ ਫਾਇਦਾ ਚੁੱਕਣਾ ਪਵੇਗਾ। ਇਸ ਦੇ ਨਾਲ ਹੀ ਟੀਮ ਨੂੰ ਆਸਾਨ ਗੋਲ ਖਾਣ ਤੋਂ ਬਚਣ ਲਈ ਪੈਨਲਟੀ ਕਾਰਨਰ ਵਿਰੁੱਧ ਆਪਣੇ ਡਿਫੈਂਸ ਨੂੰ ਮਜ਼ਬੂਤ ਕਰਨ ਦੀ ਲੋੜ ਪਵੇਗੀ। ਨੀਦਰਲੈਂਡ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਪ੍ਰੋ ਲੀਗ ਦਾ ਓਡਿਸ਼ਾ ਗੇੜ ਵਿਚ 2 ਹੋਰ ਮੈਚ ਖੇਡਣੇ ਹਨ। ਟੀਮ 17 ਫਰਵਰੀ ਨੂੰ ਆਸਟ੍ਰੇਲੀਆ ਤੇ 18 ਫਰਵਰੀ ਨੂੰ ਅਮਰੀਕਾ ਵਿਰੁੱਧ ਮੈਦਾਨ ’ਚ ਉਤਰੇਗੀ।


author

Tarsem Singh

Content Editor

Related News