ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ : ਭਾਰਤ ਨੇ ਵਿਸ਼ਵ ਚੈਂਪੀਅਨ ਬੈਲਜੀਅਮ ਨੂੰ 2-1 ਨਾਲ ਹਰਾਇਆ

02/09/2020 11:25:50 AM

ਭੁਵਨੇਸ਼ਵਰ : ਮੇਜ਼ਬਾਨ ਭਾਰਤ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦਿਆਂ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਇਕ ਟੀਮ ਬੈਲਜੀਅਮ ਨੂੰ ਐੱਫ. ਆਈ. ਐੱਚ. ਪ੍ਰੋ ਲੀਗ ਹਾਕੀ ਦੇ ਮੁਕਾਬਲੇ ਵਿਚ ਸ਼ਨੀਵਾਰ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ। ਇੱਥੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਭਾਰਤ ਨੇ ਵਿਸ਼ਵ ਤੇ ਯੂਰਪੀਅਨ ਚੈਂਪੀਅਨ ਟੀਮ ਨੂੰ ਲਗਾਤਾਰ ਦਬਾਅ ਵਿਚ ਰੱਖ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਵਲੋਂ ਮਨਦੀਪ ਸਿੰਘ ਨੇ ਦੂਜੇ ਮਿੰਟ ਵਿਚ ਅਤੇ ਰਮਨਦੀਪ ਸਿੰਘ ਨੇ 46ਵੇਂ ਮਿੰਟ ਵਿਚ ਗੋਲ ਕੀਤੇ, ਜਦਕਿ ਬੈਲਜੀਅਮ ਦਾ ਇਕਲੌਤਾ ਗੋਲ ਹਾਥਿਅਰ ਬੋਕਾਰਡ ਨੇ 33ਵੇਂ ਮਿੰਟ ਵਿਚ ਕੀਤਾ।

PunjabKesari

ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤ ਦੀ 3 ਮੈਚਾਂ ਵਿਚ ਇਹ ਦੂਜੀ ਜਿੱਤ ਹੈ ਅਤੇ ਉਹ 8 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਆ ਗਿਆ ਹੈ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਖੇਡ ਰਹੀ ਹੈ ਅਤੇ ਉਸ ਨੇ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਹਾਲੈਂਡ ਨੂੰ ਇਸ ਸਟੇਡੀਅਮ ਵਿਚ ਪਹਿਲੇ ਮੁਕਾਬਲੇ ਵਿਚ 5-2 ਨਾਲ ਹਰਾਇਆ ਸੀ । ਦੂਜੇ ਮੈਚ ਵਿਚ ਨਿਰਧਾਰਿਤ ਸਮੇਂ ਵਿਚ ਸਕੋਰ 3-3 ਨਾਲ ਬਰਾਬਰ ਰਿਹਾ ਸੀ ਪਰ ਭਾਰਤ ਨੇ ਪੈਨਲਟੀ ਸ਼ੂਟਆਊਟ ਵਿਚ 3-1 ਨਾਲ ਜਿੱਤ ਹਾਸਲ ਕੀਤੀ ਸੀ। ਟੂਰਨਾਮੈਂਟ ਵਿਚ ਨਿਰਧਾਰਿਤ ਸਮੇਂ 'ਤੇ ਮੈਚ  ਡਰਾਅ ਰਹਿਣ 'ਤੇ 1 ਅੰਕ ਮਿਲਦਾ ਹੈ ਅਤੇ ਸ਼ੂਟਆਊਟ ਵਿਚ ਜਿੱਤਣ 'ਤੇ ਇਕ ਬੋਨਸ ਅੰਕ ਵੀ ਮਿਲਦਾ ਹੈ, ਜਿਸ ਨਾਲ ਟੀਮ ਦੇ ਦੋ ਅੰਕ ਹੋ ਜਾਂਦੇ ਹਨ। ਭਾਰਤ ਨੂੰ ਹਾਲੈਂਡ ਵਿਰੁੱਧ ਦੂਜੇ ਮੈਚ ਵਿਚੋਂ ਦੋ ਅੰਕ ਮਿਲੇ ਸਨ। ਇਸੇ ਕਲਿੰਗਾ ਸਟੇਡੀਅਮ ਵਿਚ ਦੋ ਸਾਲ ਪਹਿਲੇ 2018 ਵਿਚ ਵਿਸ਼ਵ  ਚੈਂਪੀਅਨ ਬਣਨ ਵਾਲੇ ਬੈਲਜੀਅਮ ਦੀ ਪੰਜ ਮੈਚਾਂ ਵਿਚ ਇਹ ਪਹਿਲੀ ਹਾਰ ਹੈ ਪਰ  ਉਹ 11ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ ਦੇ ਸਥਾਨ 'ਤੇ ਬਣਿਆ ਹੋਇਆ ਹੈ। ਭਾਰਤੀ ਟੀਮ ਹੁਣ ਐਤਵਾਰ ਨੂੰ ਬੈਲਜੀਅਮ ਨਾਲ ਦੂਜਾ ਮੈਚ ਖੇਡੇਗੀ।


Related News