FIH ਪੁਰਸ਼ ਹਾਕੀ ਵਿਸ਼ਵ ਕੱਪ 2023: ਮਲੇਸ਼ੀਆ ਨੇ ਚਿਲੀ ਨੂੰ ਹਰਾ ਕੇ ਕੀਤੀ ਵਾਪਸੀ
Monday, Jan 16, 2023 - 05:20 PM (IST)

ਰਾਉਰਕੇਲਾ (ਵਾਰਤਾ)- ਮਲੇਸ਼ੀਆ ਨੇ ਸੋਮਵਾਰ ਨੂੰ ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2023 ਦੇ ਰੋਮਾਂਚਕ ਪੂਲ ਸੀ ਦੇ ਮੁਕਾਬਲੇ ਵਿੱਚ ਚਿਲੀ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ ਦੇ ਪਹਿਲੇ ਹਾਫ ਵਿਚ ਰਾਜ਼ੀ ਰਹੀਮ (26ਵੇਂ ਮਿੰਟ) ਨੇ ਮਲੇਸ਼ੀਆ ਲਈ ਇਕਲੌਤਾ ਗੋਲ ਕੀਤਾ, ਜਦੋਂਕਿ ਜੁਆਨ ਅਮੋਰੋਸੋ (20ਵੇਂ ਮਿੰਟ) ਅਤੇ ਮਾਰਟਿਨ ਰੋਡਰਿਗਜ਼ (29ਵੇਂ ਮਿੰਟ) ਨੇ ਗੋਲ ਕਰਕੇ ਚਿਲੀ ਨੂੰ 2-1 ਦੀ ਬੜ੍ਹਤ ਦਿਵਾਈ ਸੀ।
ਮਲੇਸ਼ੀਆ ਨੇ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਸ਼ਰਫ ਹਮਸਾਨੀ (41ਵੇਂ ਮਿੰਟ) ਅਤੇ ਨੂਰਸਯਾਫਿਕ ਸੁਮੰਤਰੀ (42ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ ਮੈਚ 3-2 ਨਾਲ ਜਿੱਤ ਲਿਆ। ਮਲੇਸ਼ੀਆ ਦੋ ਮੈਚਾਂ ਵਿੱਚ ਇੱਕ ਜਿੱਤ ਅਤੇ ਇੱਕ ਹਾਰ ਦੇ ਨਾਲ ਪੂਲ ਸੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਉਸ ਦੀਆਂ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ। ਚਿਲੀ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰ ਕੇ ਕੁਆਰਟਰ ਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ।