FIFA U-17 : ਤੀਜੇ ਸਥਾਨ ਲਈ ਬ੍ਰਾਜ਼ੀਲ ਤੇ ਮਲੀ ਵਿਚਾਲੇ ਅੱਜ ਹੋਵੇਗਾ ਭੇੜ

10/28/2017 12:39:26 PM

ਨਵੀਂ ਦਿੱਲੀ(ਬਿਊਰੋ)— ਆਪਣੇ ਚੌਥੇ ਖਿਤਾਬ ਦੀ ਦੌੜ ਤੋਂ ਸੈਮੀਫਾਈਨਲ ਵਿਚ ਬਾਹਰ ਹੋਣ ਤੋਂ ਬਾਅਦ ਬ੍ਰਾਜ਼ੀਲ ਹੁਣ ਫੀਫਾ ਅੰਡਰ-17 ਵਿਸ਼ਵ ਕੱਪ ਦੇ ਕੱਲ ਇਥੇ ਹੋਣ ਵਾਲੇ ਤੀਜੇ ਸਥਾਨ ਦੇ ਪਲੇਅ ਆਫ ਮੈਚ ਵਿਚ ਮਲੀ ਵਿਰੁੱਧ ਜਿੱਤ ਦਰਜ ਕਰ ਕੇ ਆਪਣੀ ਮੁਹਿੰਮ ਦਾ ਅੰਤ ਕਰਨਾ ਚਾਹੇਗਾ। ਸੈਮੀਫਾਈਨਲ ਵਿਚ ਹਾਰ ਤੋਂ ਬਾਅਦ ਹੁਣ ਦਾਅ 'ਤੇ ਕੁਝ ਖਾਸ ਨਹੀਂ ਲੱਗਾ ਹੈ ਤੇ ਅਜਿਹੀ ਹਾਲਤ 'ਚ ਦੋਵੇਂ ਟੀਮਾਂ ਨਿਡਰ ਹੋ ਕੇ ਮੈਦਾਨ 'ਤੇ ਉਤਰਨਗੀਆਂ ਤੇ ਵੱਧ ਤੋਂ ਵੱਧ ਗੋਲ ਕਰ ਕੇ ਜਿੱਤ ਨਾਲ ਭਾਰਤ ਨੂੰ ਅਲਵਿਦਾ ਕਹਿਣਾ ਚਾਹੁਣਗੀਆਂ। ਬ੍ਰਾਜ਼ੀਲ ਦੀ ਸ਼ਕਤੀਸ਼ਾਲੀ ਫੁੱਟਬਾਲ ਤੇ ਅਫਰੀਕੀ ਟੀਮ ਦੀ ਤਾਕਤ ਅਤੇ ਤੇਜ਼ੀ ਵਿਚਾਲੇ ਮੁਕਾਬਲਾ ਰੋਮਾਂਚਕ ਹੋਣ ਦੀ ਸੰਭਾਵਨਾ ਹੈ।

ਬ੍ਰਾਜ਼ੀਲ ਦਾ ਭਰਪੂਰ ਸਮਰਥਨ
ਟੂਰਨਾਮੈਂਟ ਤੋਂ ਪਹਿਲਾਂ ਖਿਤਾਬ ਦੇ ਦਾਅਵੇਦਾਰ ਰਹੇ ਬ੍ਰਾਜ਼ੀਲ ਨੂੰ ਸੈਮੀਫਾਈਨਲ ਵਿਚ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਹ ਆਪਣਾ ਕੁਝ ਵੱਕਾਰ ਬਚਾਉਣ ਤੇ ਕੋਲਕਾਤਾ ਦੇ ਆਪਣੇ ਸਮਰਥਕਾਂ 'ਚ ਥੋੜ੍ਹਾ ਜੋਸ਼ ਭਰਨ ਲਈ ਖੇਡੇਗਾ। ਦਰਸ਼ਕਾਂ ਨੇ ਹੁਣ ਤਕ ਬ੍ਰਾਜ਼ੀਲ ਦਾ ਭਰਪੂਰ ਸਮਰਥਨ ਕੀਤਾ ਹੈ ਤੇ ਉਸ ਦੇ ਖਿਡਾਰੀ ਐਲਨ ਸੂਜਾ, ਲਿੰਕਨ ਤੇ ਪੋਲਿਨ੍ਹਹੋ ਆਦਿ ਨੇ ਕਿਹਾ ਹੈ ਕਿ ਦਰਸ਼ਕਾਂ ਦੀ ਖਾਤਰ ਉਹ ਕਾਂਸੀ ਤਮਗੇ ਦੇ ਮੈਚ ਵਿਚ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ।

ਬ੍ਰਾਜ਼ੀਲ ਕੋਲ ਵਧੀਆ ਖਿਡਾਰੀ
ਬ੍ਰਾਜ਼ੀਲ ਕੋਲ ਚੰਗੇ ਖਿਡਾਰੀ ਹਨ ਪਰ ਉਹ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੇ। ਉਸ ਨੇ ਸਿਰਫ ਕਮਜ਼ੋਰ ਹੋਂਡੂਰਾਸ ਵਿਰੁੱਧ ਤਿੰਨ ਗੋਲ ਕੀਤੇ ਤੇ ਜ਼ਿਆਦਾਤਰ ਮੈਚਾਂ ਵਿਚ ਉਸ ਨੇ ਦੋ ਗੋਲ ਕੀਤੇ। ਇਥੋਂ ਤਕ ਕਿ ਉੱਤਰੀ ਕੋਰੀਆ ਤੇ ਨਾਈਜਰ ਵਰਗੀਆਂ ਟੀਮਾਂ ਵਿਰੁੱਧ ਵੀ ਉਹ ਵੱਡੇ ਫਰਕ ਨਾਲ ਜਿੱਤ ਦਰਜ ਨਹੀਂ ਕਰ ਸਕੀ।  ਮਲੀ ਪਹਿਲੀ ਵਾਰ ਖਿਤਾਬ ਜਿੱਤਣ ਲਈ ਖੇਡ ਰਿਹਾ ਸੀ। ਉਹ ਪਿਛਲੀ ਵਾਰ 2015 ਵਿਚ ਚਿਲੀ 'ਚ ਉਪ-ਜੇਤੂ ਰਿਹਾ ਸੀ। ਉਹ ਟੂਰਨਾਮੈਂਟ ਦੀਆਂ ਸਭ ਤੋਂ ਹਮਲਾਵਰ ਟੀਮਾਂ 'ਚੋਂ ਇਕ ਰਹੀ ਹੈ।


Related News