ਫੀਫਾ ਨੇ ਸਰਕਾਰ ਦੀ ਦਖ਼ਲਅੰਦਾਜ਼ੀ ਕਾਰਨ ਜ਼ਿੰਬਾਬਵੇ ਤੇ ਕੀਨੀਆ ਨੂੰ ਕੀਤਾ ਮੁਅੱਤਲ
Friday, Feb 25, 2022 - 01:12 PM (IST)
ਹਰਾਰੇ- ਵਿਸ਼ਵ ਫੁੱਟਬਾਲ ਦੇ ਸਰਵਉੱਚ ਅਦਾਰੇ ਫੀਫਾ ਨੇ ਜ਼ਿੰਬਾਬਵੇ ਤੇ ਕੀਨੀਆ ਨੂੰ ਉਨ੍ਹਾਂ ਦੇ ਰਾਸ਼ਟਰੀ ਫੁੱਟਬਾਲ ਸੰਘਾਂ ਦੇ ਸੰਚਾਲਨ 'ਚ ਸਰਕਾਰੀ ਦਖ਼ਲਅੰਦਾਜ਼ੀ ਕਾਰਨ ਕੌਮਾਂਤਰੀ ਪ੍ਰਤੀਯੋਗਿਤਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਜ਼ਿੰਬਾਬਵੇ 'ਤੇ ਇਸ ਲਈ ਪਾਬੰਦੀ ਲਗਾਈ ਗਈ ਹੈ ਕਿਉਂਕਿ ਸਰਕਾਰ ਤੋਂ ਕੰਟਰੋਲ ਕੀਤੇ ਜਾ ਰਹੇ ਖੇਡ ਤੇ ਮਨੋਰੰਜਨ ਕਮਿਸ਼ਨ ਨੇ ਜ਼ਿੰਬਾਬਵੇ ਫੁੱਟਬਾਲ ਸੰਘ 'ਤੇ ਆਪਣਾ ਕੰਟੋਰਲ ਛੱਡਣ ਤੇ ਮਹਾਸੰਘ ਦੇ ਅਹੁਦੇਦਾਰਾਂ ਨੂੰ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਜ਼ਿੰਬਾਬਵੇ ਫੁੱਟਬਾਲ ਸੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਨਵੰਬਰ 'ਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਕੀਨੀਆ 'ਚ ਵੀ ਖੇਡ ਮੰਤਰਾਲਾ ਨੇ ਫੁੱਟਬਾਲ ਮਹਾਸੰਘ ਦੇ ਅਹੁਦੇਦਾਰਾਂ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਹਟਾ ਦਿੱਤਾ ਸੀ। ਫੀਫਾ ਨੇ ਇਸ ਨੂੰ ਸਰਕਾਰੀ ਦਖ਼ਲਅੰਦਾਜ਼ੀ ਕਰਾਰ ਦਿੱਤਾ ਤੇ ਇਨ੍ਹਾਂ ਦੇਸ਼ਾਂ 'ਤੇ ਪਾਬੰਦੀ ਲਗਾ ਦਿੱਤੀ।
ਇਹ ਵੀ ਪੜ੍ਹੋ : IPL ਗਵਰਨਿੰਗ ਕੌਂਸਲ ਦੀ ਬੈਠਕ : 26 ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਕੀਨੀਆਈ ਫੁੱਟਬਾਲ ਸੰਘ ਦੇ ਪ੍ਰਧਾਨ ਨਿਕ ਮਾਵੇਂਡਵਾ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਫੀਫਾ ਪ੍ਰਧਾਨ ਜੀਆਨੀ ਇਨਫੈਂਟਿਨੋ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਜ਼ਿੰਬਾਬਵੇ ਤੇ ਕੀਨੀਆ ਦੀ ਰਾਸ਼ਟਰੀ ਟੀਮ ਤੇ ਕਲੱਬ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਨੂੰ ਫੀਫਾ ਤੋਂ ਵਿੱਤੀ ਸਹਾਇਤਾ ਵੀ ਨਹੀਂ ਮਿਲੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।