ਫਿਡੇ ਨੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਬਦਲੇ ਨਿਯਮ
Wednesday, May 15, 2019 - 12:30 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)— ਲੰਡਨ 'ਚ ਪਿਛਲੇ ਸਾਲ ਨਵੰਬਰ ਵਿਚ ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਵਿਚਾਲੇ ਖੇਡੀ ਗਈ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਸਾਰੇ 12 ਕਲਾਸੀਕਲ ਮੁਕਾਬਲੇ ਡਰਾਅ ਹੋ ਗਏ ਸਨ ਤੇ ਨਤੀਜਾ ਟਾਈਬ੍ਰੇਕਰ ਨਾਲ ਸਾਹਮਣੇ ਆਇਆ ਸੀ। ਸਾਰੇ ਮੁਕਾਬਲੇ ਡਰਾਅ ਹੋਣ ਦਾ ਅਸਰ ਕੁਝ ਇਸ ਤਰ੍ਹਾਂ ਹੋਇਆ ਕਿ ਦੁਨੀਆ ਭਰ ਦੇ ਸ਼ਤਰੰਜ ਪ੍ਰੇਮੀਆਂ ਤੇ ਖੇਡ ਮਾਹਿਰਾਂ ਨੇ ਇਸ ਦੀ ਆਲੋਚਨਾ ਕੀਤੀ ਸੀ ਕਿਉਂਕਿ ਇਸ ਨੂੰ ਖੇਡ ਦੇ ਪ੍ਰਚਾਰ-ਪ੍ਰਸਾਰ ਲਈ ਚੰਗਾ ਨਹੀਂ ਮੰਨਿਆ ਗਿਆ । ਇਸ ਤੋਂ ਬਾਅਦ ਹੀ ਵਿਸ਼ਵ ਚੈਂਪੀਅਨ ਦੇ ਨਿਯਮਾਂ ਵਿਚ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਸੀ।
ਵਿਸ਼ਵ ਸ਼ਤਰੰਜ ਸੰਘ (ਫਿਡੇ) ਨੇ ਆਗਾਮੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ ਤੇ ਇਹ ਬਦਲਾਅ ਕੁਝ ਅਜਿਹਾ ਹੈ, ਜਿਹੜਾ ਨਿਸ਼ਚਿਤ ਤੌਰ 'ਤੇ ਵਿਸ਼ਵ ਚੈਂਪੀਅਨਸ਼ਿਪ ਨੂੰ ਰੋਮਾਂਚਕ ਤਾਂ ਬਣਾਏਗਾ ਹੀ, ਨਾਲ ਹੀ ਹੁਣ ਮੈਚ ਵਿਚ ਨਤੀਜੇ ਨਿਕਲਣ ਦੀ ਸੰਭਾਵਨਾ ਵਧ ਗਈ ਹੈ ਜਾਂ ਇਸ ਤਰ੍ਹਾਂ ਕਹੋ ਕਿ ਬਿਹਤਰ ਖਿਡਾਰੀ ਇਸ ਮੈਚ ਵਿਚ ਸਾਫ ਨਿੱਖਰ ਕੇ ਸਾਹਮਣੇ ਆਏਗਾ।
ਹੁਣ 12 ਦੀ ਜਗ੍ਹਾ ਹੋਣਗੇ 14 ਮੁਕਾਬਲੇ
2020 ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਹੁਣ 14 ਕਲਾਸੀਕਲ ਮੁਕਾਬਲੇ ਖੇਡੇ ਜਾਣਗੇ। ਰੈਸਟ ਡੇ ਹੁਣ 6 ਦੀ ਜਗ੍ਹਾ 5 ਕਰ ਦਿੱਤੇ ਗਏ ਹਨ।
ਬਦਲੇ ਡਰਾਅ ਦੇ ਨਿਯਮ : ਹੁਣ ਕਾਲੇ ਮੋਹਰਿਆਂ ਦੀ 40ਵੀਂ ਚਾਲ ਤੋਂ ਪਹਿਲਾਂ ਮੈਚ ਡਰਾਅ ਨਹੀਂ ਖੇਡੇ ਜਾਣਗੇ ਮਤਲਬ ਕੋਈ ਵੀ ਡਰਾਅ ਸਹਿਮਤੀ ਨਾਲ ਨਹੀਂ ਹੋ ਸਕੇਗਾ ਕਿਉਂਕਿ ਇਸ ਨਾਲ ਹੁਣ ਨਤੀਜੇ ਦੀ ਸੰਭਾਵਨਾ ਵਧ ਜਾਵੇਗੀ।
ਟਾਈਮ ਕੰਟਰੋਲ : ਟਾਈਮ ਕੰਟਰੋਲ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਪਹਿਲੀਆਂ 40 ਚਾਲਾਂ ਲਈ 120 ਮਿੰਟ ਦਿੱਤੇ ਜਾਣਗੇ, ਉਸ ਤੋਂ ਬਾਅਦ ਅਗਲੀਆਂ 20 ਚਾਲਾਂ ਲਈ 60 ਮਿੰਟ ਹੋਰ ਦਿੱਤੇ ਜਾਣਗੇ। ਜੇਕਰ 60 ਚਾਲਾਂ ਤੋਂ ਬਾਅਦ ਵੀ ਮੈਚ ਚੱਲਿਆ ਤਾਂ ਫਿਰ 15 ਮਿੰਟ ਤੇ 30 ਸੈਕੰਡ ਪ੍ਰਤੀ ਚਾਲ ਦਾ ਟਾਈਮ ਕੰਟਰੋਲ ਮਿਲੇਗਾ।
2 ਮਿਲੀਅਨ ਹੋਵੇਗੀ ਇਨਾਮੀ ਰਾਸ਼ੀ
ਹੁਣ ਵਿਸ਼ਵ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ ਘੱਟ ਤੋਂ ਘੱਟ 2 ਮਿਲੀਅਨ ਡਾਲਰ ਹੋਵੇਗੀ ਤੇ ਜਿੱਤਣ ਵਾਲੇ ਖਿਡਾਰੀ ਨੂੰ 60 ਫੀਸਦੀ ਤੇ ਹਾਰ ਜਾਣ ਵਾਲੇ ਨੂੰ 40 ਫੀਸਦੀ ਮਿਲੇਗੀ। ਟਾਈਬ੍ਰੇਕ ਆਉਣ 'ਤੇ ਇਹ ਔਸਤ 55 ਫੀਸਦੀ ਤੇ 45 ਫੀਸਦੀ ਹੋ ਜਾਵੇਗੀ। ਮਹਿਲਾ ਵਿਸ਼ਵ ਚੈਂਪੀਅਨਸ਼ਿਪ 'ਚ 12 ਮੈਚ ਹੋਣਗੇ ਤੇ ਪੁਰਸਕਾਰ ਰਾਸ਼ੀ ਹੁਣ 2 ਲੱਖ ਯੂਰੋ ਦੀ ਜਗ੍ਹਾ 5 ਲੱਖ ਯੂਰੋ ਹੋਵੇਗੀ।
