ਫੈਡਰਰ ਨੇ 400ਵੇਂ ਗ੍ਰੈਂਡ ਸਲੈਮ ਮੈਚ ਦਾ ਜਸ਼ਨ ਜਿੱਤ ਨਾਲ ਮਨਾਇਆ

05/31/2019 11:25:29 PM

ਪੈਰਿਸ- ਰੋਜਰ ਫੈਡਰਰ ਸ਼ੁੱਕਰਵਾਰ ਨੂੰ 400 ਗ੍ਰੈਂਡ ਸਲੈਮ ਮੈਚਾਂ ਵਿਚ ਖੇਡਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣਿਆ ਤੇ ਉਸ ਨੇ ਕਾਸਪਰ ਰੂਡ 'ਤੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਫ੍ਰੈਂਚ ਓਪਨ ਦੇ ਆਖਰੀ-16 ਵਿਚ ਜਗ੍ਹਾ ਬਣਾ ਕੇ ਇਸਦਾ ਜਸ਼ਨ ਮਨਾਇਆ। 37 ਸਾਲਾ ਫੈਡਰਰ ਨੂੰ ਰੂਡ ਵਿਰੁੱਧ ਤੀਜੇ ਸੈੱਟ ਵਿਚ ਜੂਝਣਾ ਪਿਆ ਪਰ ਆਖਿਰ ਵਿਚ ਉਹ 6-3, 6-1, 7-6 (10/8) ਨਾਲ ਜਿੱਤ ਦਰਜ ਕਰਨ ਵਿਚ ਸਫਲ ਰਿਹਾ। 
ਸਾਲ 2009 ਦੇ ਚੈਂਪੀਅਨ ਫੈਡਰਰ 14ਵੀਂ ਵਾਰ ਫ੍ਰੈਂਚ ਓਪਨ ਦੇ ਚੌਥੇ ਦੌਰ ਵਿਚ ਪਹੁੰਚਿਆ ਹੈ, ਜਿੱਥੇ ਉਸਦਾ ਸਾਹਮਣਾ ਫਰਾਂਸ ਦੇ ਨਿਕੋਲਸ ਮਾਹੂਤ ਤੇ ਅਰਜਨਟੀਨਾ ਦੇ ਲਿਓਨਾਰਡੋ ਮੇਯਰ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।  ਫੈਡਰਰ ਨੇ ਮੈਚ ਤੋਂ ਬਾਅਦ ਕਿਹਾ, ''ਉਸਦੀ ਖੇਡ ਵਿਚ ਕਮੀ ਲੱਭਣਾ ਮੁਸ਼ਕਿਲ ਹੈ, ਇਸ ਲਈ ਮੈਂ ਰਾਹਤ ਮਹਿਸੂਸ ਕਰ ਰਿਹਾ ਹਾਂ। ਇਹ ਚੰਗਾ ਮੈਚ ਸੀ।'' ਪੁਰਸ਼ ਵਰਗ ਵਿਚ ਫਰਾਂਸ ਦਾ ਬੇਨੋਇਟ ਪਿਯਰੇ ਵੀ ਸਪੇਨ ਦੇ ਪਾਬਲੋ ਕਾਰੇਨਾ ਬਸਤਾ ਦੇ ਅੱਧੇ ਮੈਚ ਵਿਚੋਂ ਹਟਣ ਕਾਰਨ ਚੌਥੇ ਦੌਰ ਵਿਚ ਪਹੁੰਚਣ ਵਿਚ ਸਫਲ ਰਿਹਾ।
ਮਹਿਲਾਵਾਂ ਦੇ ਵਰਗ ਵਿਚ ਦੂਜਾ ਦਰਜਾ ਪ੍ਰਾਪਤ ਕਾਰੋਲਿਨ ਪਿਲਸਕੋਵਾ ਨੂੰ ਤੀਜੇ ਦੌਰ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਕ੍ਰੋਏਸ਼ੀਆ ਦੀ 31ਵਾਂ ਦਰਜਾ ਪ੍ਰਾਪਤ ਪੇਤ੍ਰਾ ਮਾਰਟਿਚ ਨੇ ਉਸ ਨੂੰ 6-3, 6-3 ਨਾਲ ਹਰਾਇਆ। ਯੂਕ੍ਰੇਨ ਦੀ ਨੌਵਾਂ ਦਰਜਾ ਪ੍ਰਾਪਤ ਇਲਿਨਾ ਸਵਿਤੋਲਿਨਾ ਸਪੇਨ ਦੀ 10ਵਾਂ ਦਰਜਾ ਗਰਬਾਈਨ ਮੁਗੁਰੂਜਾ ਤੋਂ 6-3, 6-3 ਨਾਲ ਹਾਰ ਕੇ ਬਾਹਰ ਹੋ ਗਈ। ਲਾਤੀਵੀਆ ਦੀ 12ਵਾਂ ਦਰਜਾ ਪ੍ਰਾਪਤ ਅਨਸਤੇਸਿਆ ਸੇਵਾਸਤੋਵਾ ਨੇ ਬੈਲਜੀਅਮ ਦੀ 20ਵਾਂ ਦਰਜਾ ਐਲਿਸ ਮਾਰਟਸਨ ਨੂੰ ਤਿੰਨ ਸੈੱਟਾਂ ਤਕ ਚੱਲੇ ਸੰਘਰਸ਼ਪੂਰਨ ਮੈਚ ਵਿਚ 6-7 (3), 6-4, 11-9 ਨਾਲ ਹਰਾਇਆ, ਜਦਕਿ ਚੈੱਕ ਗਣਰਾਜ ਦੀ ਮਾਰਕਟਾ ਵਾਂਡ੍ਰੋਸੋਵਾ ਨੇ ਸਪੇਨ ਦੀ 28ਵਾਂ ਦਰਜਾ ਪ੍ਰਾਪਤ ਕਾਰਲੋ ਸੂਆਰਜੇ ਨਵਾਰੋ ਨੂੰ 6-4, 6-4 ਨਾਲ ਉਲਟਫੇਰ ਦਾ ਸ਼ਿਕਾਰ ਬਣਾਇਆ। 
ਬੋਪੰਨਾ ਤੇ ਪੇਸ ਆਪਣੀਆਂ ਜੋੜੀਆਂ ਨਾਲ ਅਗਲੇ ਦੌਰ 'ਚ
ਭਾਰਤ ਦੇ ਰੋਹਨ ਬੋਪੰਨਾ ਤੇ ਲੀਏਂਡਰ ਪੇਸ ਨੇ ਆਪਣੇ-ਆਪਣੇ ਜੋੜੀਦਾਰਾਂ ਨਾਲ ਪੁਰਸ਼ ਡਬਲਜ਼ ਦੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਬੋਪੰਨਾ ਤੇ ਰੋਮਾਨੀਆ ਦੇ ਮਾਰਿਯਸ ਕੋਪਿਲ ੇਦੂਜੇ ਦੌਰ ਵਿਚ ਬੇਂਜਾਮਿਨ ਬੋਂਜੀ ਤੇ ਐਂਤੋਇਨ ਹੂਆਂਗ ਦੀ ਦੋੜੀ ਨੂੰ 6-4, 6-4 ਨਾਲ, ਜਦਕਿ  ਪੇਸ ਤੇ ਫਰਾਂਸ ਦੇ ਬੇਨੇਤ ਪਿਯਰੇ ਨੇ ਪਹਿਲੇ ਦੌਰ ਦੇ ਮੈਚ ਵਿਚ ਸਲੋਵਾਕੀਆ ਦੇ ਮਾਰਟਿਨ ਕਿਲਜਾਨ ਤੇ ਬ੍ਰਿਟੇਨ ਦੇ ਡੋਮਿਨਿਕ ਇੰਗਲੋਟ ਨੂੰ 6-4, 6-4 ਨਾਲ ਹਰਾਇਆ।


Gurdeep Singh

Content Editor

Related News