ਬਲਾਕਬਸਟਰ ਸੈਮੀਫਾਈਨਲ ''ਚ ਭਿੜਨਗੇ ਫੈਡਰਰ ਤੇ ਨਡਾਲ

Thursday, Jul 11, 2019 - 01:30 AM (IST)

ਬਲਾਕਬਸਟਰ ਸੈਮੀਫਾਈਨਲ ''ਚ ਭਿੜਨਗੇ ਫੈਡਰਰ ਤੇ ਨਡਾਲ

ਲੰਡਨ- ਗ੍ਰੈਂਡ ਸਲੈਮ ਖਿਤਾਬਾਂ ਦੇ ਬੇਤਾਜ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਬੁੱਧਵਾਰ ਨੂੰ 4-6, 6-1, 6-4, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿਚ ਆਪਣੀ 100ਵੀਂ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਪ੍ਰਮੁੱਖ ਵਿਰੋਧੀ ਸਪੇਨ ਦੇ ਰਾਫੇਲ ਨਡਾਲ ਨਾਲ ਬਲਾਕਬਸਟਰ ਮੁਕਾਬਲਾ ਹੋਵੇਗਾ। ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਉੱਚ ਰੈਂਕਿੰਗ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਬੁੱਧਵਾਰ ਲਗਾਤਾਰ ਸੈੱਟਾਂ 'ਚ 6-4, 6-0, 6-2 ਨਾਲ ਹਰਾ ਕੇ 9ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਸਪੇਨ ਦੇ ਰਾਫੇਲ ਨਡਾਲ ਤੇ ਰਾਬਰਟੋ ਬਤਿਸਤਾ ਅਗੁਤ ਵੀ ਸੈਮੀਫਾਈਨਲ ਵਿਚ ਪਹੁੰਚ ਗਏ ਹਨ। 
ਦੂਜੀ ਸੀਡ ਤੇ ਆਲ ਇੰਗਲੈਂਡ ਕਲੱਬ ਵਿਚ 8 ਵਾਰ ਦੇ ਚੈਂਪੀਅਨ ਫੈਡਰਰ ਨੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਸ਼ਾਦਨਾਰ ਵਾਪਸੀ ਕਰਦਿਆਂ ਆਖਰੀ-4 ਵਿਚ ਸਥਾਨ ਬਣਾ ਲਿਆ। ਫੈਡਰਰ ਨੇ ਇਹ ਮੁਕਾਬਲਾ 2 ਘੰਟੇ 36 ਮਿੰਟ ਵਿਚ ਜਿੱਤਿਆ। ਫੈਡਰਰ ਦਾ ਆਲ ਇੰਗਲੈਂਡ ਕਲੱਬ ਵਿਚ 100-12 ਦਾ ਰਿਕਾਰਡ ਹੋ ਗਿਆ ਹੈ। ਫੈਡਰਰ ਨੇ ਨਿਸ਼ੀਕੋਰੀ ਵਿਰੁੱਧ ਆਪਣੀ ਕਰੀਅਰ ਰਿਕਾਰਡ 8-3 ਪਹੁੰਚਾ ਦਿੱਤਾ ਹੈ। ਅੱਠਵੀਂ ਸੀਡ ਨਿਸ਼ੀਕੋਰੀ ਦਾ ਇਸ ਹਾਰ ਨਾਲ ਪਹਿਲੀ ਵਾਰ ਵਿੰਬਲਡਨ ਦੇ ਸੈਮੀਫਾਈਨਲ ਵਿਚ ਪਹੁੰਚਣ ਦਾ ਸੁਪਨਾ ਟੁੱਟ ਗਿਆ। 
ਫ੍ਰੈਂਚ ਓਪਨ ਚੈਂਪੀਅਨ ਨਡਾਲ ਨੇ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਸੈਮ ਕਵੇਰੀ ਨੂੰ 2 ਘੰਟੇ 7 ਮਿੰਟ ਵਿਚ 7-5, 6-2, 6-2 ਨਾਲ ਹਰਾਇਆ। ਇਸ ਜਿੱਤ ਦੇ ਨਾਲ ਉਹ ਇਸ ਸਾਲ ਨਵੰਬਰ ਵਿਚ ਲੰਡਨ ਵਿਚ ਹੋਣ ਵਾਲੇ ਏ. ਟੀ. ਪੀ. ਫਾਈਨਲਸ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਸਾਬਕਾ ਚੈਂਪੀਅਨ ਅਤੇ ਇਥੇ ਚਾਰ ਵਾਰ ਖਿਤਾਬ ਜਿੱਤ ਚੁੱਕੇ ਜੋਕੋਵਿਚ ਨੇ ਇਹ ਮੁਕਾਬਲਾ 57 ਮਿੰਟ ਵਿਚ ਜਿੱਤਿਆ। ਉਸ ਨੇ ਕੁਆਰਟਰ ਫਾਈਨਲ ਵਿਚ ਗੋਫਿਨ ਵਿਰੁੱਧ ਲਗਾਤਾਰ 10 ਗੇਮਾਂ ਜਿੱਤ ਕੇ ਮੈਚ ਨੂੰ ਪੂਰੀ ਤਰ੍ਹਾਂ ਇਕਤਰਫਾ ਬਣਾ ਦਿੱਤਾ। 9ਵੀਂ ਵਾਰ ਸੈਮੀਫਾਈਨਲ 'ਚ ਪੁੱਜਣ ਤੋਂ ਬਾਅਦ ਜੋਕੋਵਿਚ ਆਲ ਇੰਗਲੈਂਡ ਕਲੱਬ ਵਿਚ ਸਭ ਤੋਂ ਵੱਧ ਵਾਰ ਸੈਮੀਫਾਈਨਲ ਵਿਚ ਪੁੱਜਣ ਦੇ ਮਾਮਲੇ 'ਚ ਬੋਰਿਸ ਬੇਕਰ, ਆਰਥਰ ਗੋਰੇ ਅਤੇ ਹਰਬਰਟ ਲਾਫੋਰਡ ਦੀ ਬਰਾਬਰੀ 'ਤੇ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਪੁੱਜ ਗਿਆ ਹੈ।  
ਜੋਕੋਵਿਚ ਦਾ ਹੁਣ ਸੈਮੀਫਾਈਨਲ ਵਿਚ 23ਵੀਂ ਸੀਡ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਨਾਲ ਮੁਕਾਬਲਾ ਹੋਵੇਗਾ, ਜਿਹੜਾ ਆਪਣੇ ਕਰੀਅਰ ਵਿਚ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਪਹੁੰਚਿਆ ਹੈ। ਅਗੁਤ ਨੇ ਕੁਆਰਟਰ ਫਾਈਨਲ ਵਿਚ ਅਰਜਨਟੀਨਾ ਦੇ ਗੁਇਡੋ ਪੇਲਾ ਨੂੰ 3 ਘੰਟੇ 6 ਮਿੰਟ ਵਿਚ 7-5, 6-4, 3-6, 6-3 ਨਾਲ ਹਰਾਇਆ।
 


author

Gurdeep Singh

Content Editor

Related News