ਫੈਡਰਰ, ਜੋਕੋਵਿਚ ਤੇ ਸ਼ਾਰਾਪੋਵਾ ਦੀ ਜੇਤੂ ਸ਼ੁਰੂਆਤ

01/17/2018 12:06:01 AM

ਮੈਲਬੋਰਨ— ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਆਪਣੀ ਖਿਤਾਬ ਬਚਾਓ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਹੈ, ਜਦਕਿ ਸਾਬਕਾ ਨੰਬਰ ਇਕ ਨੋਵਾਕ ਜੋਕੋਵਿਚ ਤੇ ਚੋਟੀ ਦਰਜਾ ਪ੍ਰਾਪਤ ਮਹਿਲਾ ਖਿਡਾਰਨ ਸਿਮੋਨਾ ਹਾਲੇਪ ਨੇ ਵੀ ਮੰਗਲਵਾਰ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ।
ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ 36 ਸਾਲਾ ਫੈਡਰਰ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਰਾਊਂਡ 'ਚ ਸਲੋਵੇਨੀਆ ਦੇ ਐਲਜਾਜ ਬੇਡੇਨ ਵਿਰੁੱਧ ਲਗਾਤਾਰ ਸੈੱਟਾਂ 'ਚ 6-3, 6-4 ਅਤੇ 6-3 ਨਾਲ ਜਿੱਤ ਆਪਣੇ ਨਾਂ ਕੀਤੀ। ਸਰਬੀਆ ਦੇ ਜੋਕੋਵਿਚ ਨੇ ਵੀ ਫਿਟਨੈੱਸ ਦੀਆਂ ਚਿੰਤਾਵਾਂ ਨੂੰ ਦੂਰ ਕਰ ਕੇ ਅਮਰੀਕਾ ਦੇ ਡੋਨਾਲਡ ਯੰਗ ਨੂੰ ਲਗਾਤਾਰ ਸੈੱਟਾਂ 'ਚ 6-1, 6-2 ਅਤੇ 6-4 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ।
ਮਹਿਲਾ ਸਿੰਗਲਜ਼ 'ਚ ਚੋਟੀ ਦਰਜਾ ਪ੍ਰਾਪਤ ਰੋਮਾਨੀਆ ਦੀ ਹਾਲੇਪ ਨੇ ਪਹਿਲੇ ਦੌਰ 'ਚ 17 ਸਾਲਾ ਸਥਾਨਕ ਖਿਡਾਰਨ ਦੇਸਤਾਨੀ ਆਈਵਾ ਨੂੰ 7-6, 6-1 ਨਾਲ ਹਰਾਇਆ। ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤ੍ਰਾ ਕਵੀਤੋਵਾ ਲਈ ਹਾਲਾਂਕਿ ਉਸ ਦੀ ਵਾਪਸੀ ਸੁਖਦਾਈ ਨਹੀਂ ਰਹੀ। ਘਰ 'ਤੇ ਚੋਰ ਦੇ ਹਮਲੇ ਦਾ ਸ਼ਿਕਾਰ ਹੋ ਕੇ ਲੰਬੇ ਸਮੇਂ ਤਕ ਬਾਹਰ ਰਹੀ ਚੈੱਕ ਖਿਡਾਰਨ ਨੂੰ ਪਹਿਲੇ ਦੌਰ 'ਚ ਜਰਮਨੀ ਦੀ ਆਂਦ੍ਰਿਯਾ ਪੇਟਕੋਵਿਚ ਨੇ 6-3, 4-6, 10-8 ਨਾਲ ਹਰਾ ਕੇ ਬਾਹਰ ਕਰ ਦਿੱਤਾ।

PunjabKesari
ਦੂਜਾ ਦਰਜਾ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਨੇ ਮਿਹਾਏਲਾ ਬੁਜਾਰਨੇਸਕਿਊ ਨੂੰ 6-2, 6-3 ਨਾਲ ਹਰਾ ਕੇ ਪਹਿਲੇ ਦੌਰ 'ਚ ਜਿੱਤ ਦਰਜ ਕੀਤੀ। ਉਥੇ ਹੀ 30 ਸਾਲਾ ਸ਼ਾਰਾਪੋਵਾ ਨੇ ਵੀ ਮੈਲਬੋਰਨ ਪਾਰਕ 'ਚ ਜੇਤੂ ਸ਼ੁਰੂਆਤ ਕਰ ਕੇ ਆਪਣੀ ਵਾਪਸੀ ਦੇ ਸੰਕੇਤ ਦਿੱਤੇ। ਡੋਪਿੰਗ ਲਈ ਪਾਬੰਦੀ ਝੱਲ ਚੁੱਕੀ ਰੂਸੀ ਖਿਡਾਰਨ ਨੇ ਜਰਮਨੀ ਦੀ ਤਤਜਾਨਾ ਮਾਰੀਆ ਨੂੰ ਲਗਾਤਾਰ ਸੈੱਟਾਂ 'ਚ 6-1, 6-4 ਨਾਲ ਹਰਾਇਆ।  ਸਾਬਕਾ ਨੰਬਰ ਇਕ ਜਰਮਨੀ ਦੀ ਐਂਜੇਲਿਕ ਕਰਬਰ ਨੇ ਵੀ ਪਿਛਲੇ ਖਰਾਬ ਸੈਸ਼ਨ ਤੋਂ ਬਾਅਦ ਨਵੇਂ ਸੈਸ਼ਨ 'ਚ ਹਾਂ-ਪੱਖੀ ਸ਼ੁਰੂਆਤ ਕੀਤੀ ਤੇ ਹਮਵਤਨ ਐਨਾ ਲੇਨਾ ਫ੍ਰਾਈਡਸੈਮ ਨੂੰ 6-0, 6-4 ਨਾਲ ਹਰਾਇਆ।


Related News