ਤੇਜ਼ ਗੇਂਦਬਾਜ਼ ਹਸਨ ਅਲੀ ਨੇ ਬਦਲਿਆ ਫ਼ੈਸਲਾ, ਖੇਡਣਗੇ PSL ਦਾ ਬਾਕੀ ਸੈਸ਼ਨ
Monday, Jun 14, 2021 - 08:23 PM (IST)
ਆਬੂ ਧਾਬੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਨਿੱਜੀ ਕਾਰਨਾਂ ਤੋ ਇੱਥੇ ਚਲ ਰਹੀ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਛੇਵੇਂ ਸੈਸ਼ਨ ਦੇ ਬਾਕੀ ਹਿੱਸੇ ਤੋਂ ਬਾਹਰ ਹੋਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਐਤਵਾਰ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਫ਼ੈਸਲੇ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਉਨ੍ਹਾਂ ਨੇ ਪੀ. ਐੱਸ. ਐੱਲ. ’ਚ ਖੇਡਣ ਦਾ ਬਦਲ ਚੁਣਿਆ। ਉਨ੍ਹਾਂ ਦੀ ਫ਼੍ਰੈਂਚਾਈਜ਼ੀ ਇਸਲਾਮਾਬਾਦ ਯੂਨਾਈਟਿਡ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਸਮਝਿਆ ਜਾਂਦਾ ਹੈ ਕਿ ਪਰਿਵਾਰਕ ਕਾਰਨਾਂ ਕਰਕੇ ਐਤਾਵਰ ਨੂੰ ਆਪਣੇ ਵਤਨ ਪਰਤਨ ਵਾਲੇ ਹਸਨ ਨੇ ਆਪਣੇ ਪਰਿਵਾਰ ਦੀ ਸਲਾਹ ਲਈ ਤੇ ਫਿਰ ਟੀਮ ਦੇ ਨਾਲ ਬਣੇ ਰਹਿਣ ਦਾ ਫ਼ੈਸਲਾ ਕੀਤਾ।
ਹਸਨ ਨੇ ਇਕ ਬਿਆਨ ’ਚ ਕਿਹਾ ਕਿ ਮੈਂ ਇਕ ਨਿੱਜੀ ਪਰਿਵਾਰਕ ਮੁੱਦੇ ਨੂੰ ਲੈ ਕੇ ਫ਼ਿਕਰਮੰਦ ਸੀ, ਜਿਸ ਨੂੰ ਸੁਲਝਾ ਲਿਆ ਗਿਆ ਹੈ। ਇਸ ਦੇ ਲਈ ਮੇਰੀ ਪਤਨੀ ਨੂੰ ਧੰਨਵਾਦ। ਮੇਰੀ ਪਤਨੀ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮੁੱਦੇ ਨੂੰ ਦੇਖ ਲਵੇਗੀ ਤੇ ਉਹ ਚਾਹੁੰਦੀ ਹੈ ਕਿ ਮੈਂ ਆਪਣੇ ਕ੍ਰਿਕਟ ਤੇ ਆਪਣੇ ਕਰੀਅਰ ’ਤੇ ਧਿਆਨ ਕੇਂਦਰਤ ਕਰਾਂ। ਉਹ ਹਮੇਸ਼ਾ ਸਭ ਤੋਂ ਔਖੇ ਵੇਲੇ ਮੇਰੇ ਨਾਲ ਖੜ੍ਹੀ ਰਹਿੰਦੀ ਹੈ ਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ਦੇ ਬਾਅਦ ਮੈਂ ਪੀ. ਐੱਸ. ਐੱਲ.-6 ਦੇ ਬਾਕੀ ਸੈਸ਼ਨ ਲਈ ਇਸਲਾਮਾਬਾਦ ਯੂਨਾਈਟਿਡ ਦੇ ਨਾਲ ਬਣੇ ਰਹਿਣ ਦਾ ਫ਼ੈਸਲਾ ਕੀਤਾ ਹੈ। ਮੈਂ ਇਸ ਮੁਸ਼ਕਲ ਸਮੇਂ ’ਚ ਇਸਲਾਮਾਬਾਦ ਯੂਨਾਈਟਿਡ ਦੇ ਸਮਰਥਨ ਤੇ ਸਮਝ ਲਈ ਉਨ੍ਹਾਂ ਦਾ ਧੰਨਵਾਦੀ ਹਾਂ। ਜ਼ਿਕਰਯੋਗ ਹੈ ਕਿ ਇਸਲਾਮਾਬਾਦ ਯੂਨਾਈਟਿਡ ਇਸ ਸਮੇਂ 7 ਮੈਚਾਂ ’ਚ ਪੰਜ ਜਿੱਤ ਦੇ ਨਾਲ ਅੰਕ ਸੂਚੀ ’ਚ ਚੋਟੀ ’ਤੇ ਹੈ।